ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 49ਵੇਂ ਸ਼ਬਦ ਦੀ ਵਿਚਾਰ – Shabad Vichaar -49
ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਗੁਰੂ ਦੀ ਕ੍ਰਿਪਾ ਜਿਸ ਮਨੁੱਖ ‘ਤੇ ਹੋ ਜਾਂਦੀ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਉਸ ਨੂੰ ਅਜਿਹੀਆਂ ਬਖਸ਼ਿਸ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਤੀ ਸਤੀ ਵੀ ਲੋਚਦੇ ਹਨ। ਇਹ ਸਭ ਹਰੀ ਨਾਮ ਦੇ ਧਨ ਦੀ ਕਮਾਈ ਦੀਆਂ ਬਖਸ਼ਿਸ਼ਾਂ ਹਨ। ਅਜਿਹੇ ਮਨੁੱਖ ਜਿੰਨ੍ਹਾਂ ਨੇ ਨਾਮ ਧਨ ਦੀ ਕਮਾਈ ਕੀਤੀ ਹੈ, ਉਨ੍ਹਾਂ ਬਾਰੇ ਗੁਰਬਾਣੀ ਵੀ ਵਿਸ਼ੇਸ਼ ਉਪਦੇਸ਼ ਕਰ ਰਹੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 49ਵੇਂ ਸ਼ਬਦ ‘ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1186 ‘ਤੇ ਰਾਗ ਬਸੰਤ ਅਧੀਨ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਉਸ ਮਨੁੱਖ ਦੀ ਅਵਸਥਾ ਨੂੰ ਬਿਆਨਦੇ ਹਨ ਜਿਸ ਨੇ ਗੁਰੂ ਦੇ ਹੁਕਮਾਂ ‘ਤੇ ਚੱਲ ਕੇ ਨਾਮ ਧਨ ਦੀ ਕਮਾਈ ਕੀਤੀ ਹੈ:
ਬਸੰਤੁ ਮਹਲਾ ੯॥ ਮਾਈ ਮੈ ਧਨੁ ਪਾਇਓ ਹਰਿ ਨਾਮੁ ॥
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
ਹੇ (ਮੇਰੀ) ਮਾਂ! (ਜਦੋਂ ਦਾ ਗੁਰੂ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦਾ ਨਾਮ-ਧਨ ਹਾਸਲ ਕੀਤਾ ਹੈ, ਮੇਰਾ ਮਨ (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ ਬਚ ਗਿਆ ਹੈ, (ਹੁਣ ਮੇਰਾ ਮਨ ਨਾਮ-ਧਨ ਵਿਚ) ਟਿਕਾਣਾ ਬਣਾ ਕੇ ਬਹਿ ਗਿਆ ਹੈ।1। ਰਹਾਉ।
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
ਹੇ ਮੇਰੀ ਮਾਂ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ) ਸੁੱਧ-ਸਰੂਪ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ਹੈ (ਜਿਸ ਕਰਕੇ) ਮੇਰੇ ਸਰੀਰ ਵਿਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ। (ਜਦੋਂ ਤੋਂ ਮੈਂ) ਭਗਵਾਨ ਦੀ ਭਗਤੀ ਹਿਰਦੇ ਵਿਚ ਵਸਾਈ ਹੈ ਲੋਭ ਅਤੇ ਮੋਹ ਇਹ ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ।1।
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
ਹੇ ਮੇਰੀ ਮਾਂ! ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ, ਮੇਰਾ ਜਨਮਾਂ ਜਨਮਾਂਤਰਾਂ ਦਾ ਸਹਿਮ ਦੂਰ ਹੋ ਗਿਆ ਹੈ; ਮੇਰੇ ਮਨ ਵਿਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ, ਹੁਣ ਮੈਂ ਉਸ ਆਨੰਦ ਵਿਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ।2।
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
ਹੇ ਮਾਂ! ਕਿਰਪਾ ਦਾ ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਹੇ ਨਾਨਕ! ਆਖ– (ਹੇ ਮਾਂ) ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ।3। 3।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਕਤ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਵਿਰਲੇ ਮਨੁੱਖ ਹੀ ਹੁੰਦੇ ਹਨ ਜੋ ਗੁਰੂ ਦੇ ਹੁਕਮਾਂ ਵਿੱਚ ਰਹਿ ਕੇ ਨਾਮ ਧਨ ਦੀ ਕਮਾਈ ਕਰਦੇ ਹਨ। ਜੋ ਅਜਿਹਾ ਕਰਦੇ ਹਨ, ਉਨ੍ਹਾਂ ਦੀ ਮਾਇਆ ਪਿੱਛੇ ਦੌੜ ਭੱਜ ਖਤਮ ਹੋ ਜਾਂਦੀ ਹੈ। ਉਹ ਮਨੁੱਖ ਫਿਰ ਲੋਭ ਮੋਹ ਦੇ ਚੱਕਰਾਂ ਵਿੱਚ ਨਹੀਂ ਪੈਂਦੇ। ਜਨਮ ਮਰਨ ਦੇ ਗੇੜ ਤੋਂ ਉਹ ਮਨੁੱਖ ਮੁਕਤ ਹੋ ਜਾਂਦਾ ਹੈ। ਉਸ ਨੂੰ ਫਿਰ ਮਰਨ ਦਾ ਡਰ ਨਹੀਂ ਸਤਾਉਂਦਾ। ਅਜਿਹੇ ਮਨੁੱਖ ਦੀ ਹਰ ਤ੍ਰਿਸ਼ਨਾ ਖਤਮ ਹੋ ਜਾਂਦੀ ਜੋ ਰਤਨ ਰੂਪੀ ਨਾਮ ਧਨ ਪ੍ਰਾਪਤ ਕਰ ਲੈਂਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 50ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥