ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ … ਡਾ. ਗੁਰਦੇਵ ਸਿੰਘ

TeamGlobalPunjab
5 Min Read

ਸ਼ਬਦ ਵਿਚਾਰ -144

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ

*ਡਾ. ਗੁਰਦੇਵ ਸਿੰਘ

ਅਕਾਲ ਪੁਰਖ ਨੇ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ। ਸੁੰਦਰ ਧਰਤੀ ਨੂੰ ਸਾਜਿਆ ਅਤੇ ਇਸ ਧਰਤੀ ‘ਤੇ ਅਨੇਕ ਤਰ੍ਹਾਂ ਦੇ ਜੀਵ ਵੀ ਪੈਦਾ ਕੀਤੇ। ਮਨੁੱਖ ਨੂੰ ਪੈਦਾ ਕੀਤਾ। ਮਨੁੱਖਾਂ ਵਿੱਚ ਈਸਤਰੀ ਤੇ ਪੁਰਸ਼ ਦੀ ਜਾਤੀ ਪੈਦਾ ਕੀਤੀ। ਜੰਗਲ, ਨਦੀਆਂ, ਪਹਾੜ, ਸਾਗਰ ਆਦਿ ਹੋਰ ਵੀ ਬਹੁਤ ਕੁਝ ਇਸ ਧਰਤੀ ‘ਤੇ ਪੈਦਾ ਕੀਤਾ। ਇਸ ਸਾਰੇ ਪਸਾਰੇ ਬਾਰੇ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੇ ਹੋਏ ਇਸ ਦੇ ਭੇਦ ਤੋਂ ਪਰਦਾ ਚੁੱਕਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 23’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 25ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਜਵਾਨੀ ਦਾ ਰੰਗ ਮਾਨਣ ਦਾ ਉਪਦੇਸ਼ ਇਸ ਤਰ੍ਹਾਂ ਕਰ ਰਹੇ ਹਨ : 

- Advertisement -

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥

ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ। ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।1।

ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।1।

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥

ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ।1। ਰਹਾਉ।

- Advertisement -

ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।1। ਰਹਾਉ

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥]

ਮਾਛੀ = ਮੱਛੀਆਂ ਫੜਨ ਵਾਲਾ। ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) । 2

ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) । ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।2।

ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥

ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ। ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ।3।

ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।3।

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ 

ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ। ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ।4।

ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ।4। 25।

ਅਕਾਲ ਪੁਰਖ ਹੀ ਸਾਰੀ ਸ੍ਰਿਸਟੀ ਵਿੱਚ ਆਪ ਵਿਆਪਕ ਹੈ। ਉਹ ਹੀ ਔਰਤ ਹੈ ਉਹ ਹੀ ਪੁਰਸ਼ ਹੈ। ਉਹੀ ਮਾਰਣ ਵਾਲਾ ਹੈ ਤੇ ਉਹ ਮਰਨ ਵਾਲਾ ਵੀ ਆਪ ਹੀ ਹੈ। ਇਹ ਸਾਰੀ ਉਸ ਦੀ ਖੇਡ ਹੈ ਜਿਸ ਦੇ ਬਾਰੇ ਉਹ ਆਪ ਹੀ ਜਾਣਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment