Shabad Vichaar 42-‘ਸਾਧੋ ਕਉਨ ਜੁਗਤਿ ਅਬ ਕੀਜੈ ॥’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 42ਵੇਂ ਸ਼ਬਦ ਦੀ ਵਿਚਾਰ – Shabad Vichaar -42

ਸਾਧੋ ਕਉਨ ਜੁਗਤਿ ਅਬ ਕੀਜੈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਮਨੁੱਖ ਜੀਵਨ ਔਗੁਣਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਔਗਣਾਂ ਨੂੰ ਦੂਰ ਕਰਨ ਅਤੇ ਉਸ ਅਕਾਲ ਪੁਰਖ ਨੂੰ ਪਾਉਣ ਲਈ ਅਨੇਕ ਜੋਗੀ, ਜਤੀ, ਤਪੀ ਤਪ ਕਰ ਕਰ ਕੇ ਹਾਰ ਗਏ । ਵਿਰਲੇ ਹੀ ਸੰਤ ਭਗਤ ਉਸ ਦੇ ਦਰ ‘ਤੇ ਪ੍ਰਵਾਨ ਹੁੰਦੇ ਹਨ। ਕਿਹਨਾਂ ਯਤਨਾਂ ਨਾਲ ਉਸ ਅਕਾਲ ਪੁਰਖ ਨੂੰ ਪਾਇਆ ਜਾ ਸਕਦਾ ਹੈ? ਕਿਵੇਂ ਭੈੜੀ ਮਤ ਤੋਂ ਛੁਟਕਾਰਾ ਮਿਲੇਗਾ? ਕਿਵੇਂ ਉੱਤਮ ਪਦਵੀ ਨੂੰ ਪਾਇਆ ਜਾ ਸਕਦਾ ਹੈ? ਇਸ ਸੰਦਰਭ ਵਿੱਚ ਗੁਰਬਾਣੀ ਸਾਡਾ ਰਾਹ ਰੋਸ਼ਨਾਉਂਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 42ਵੇਂ ਸ਼ਬਦ ‘ਸਾਧੋ ਕਉਨ ਜੁਗਤਿ ਅਬ ਕੀਜੈ ॥ ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 902 ‘ਤੇ ਰਾਮਕਲੀ ਰਾਗ ਅਧੀਨ ਅੰਕਿਤ ਹੈ। ਰਾਮਕਲੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਦੂਸਰਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਉਸ ਪ੍ਰਮਾਤਮਾ ਨੂੰ ਪਾਉਣ ਦਾ ਤਰੀਕਾ ਦਰਸਾ ਰਹੇ ਹਨ:

ਰਾਮਕਲੀ ਮਹਲਾ ੯ ॥

ਸਾਧੋ ਕਉਨ ਜੁਗਤਿ ਅਬ ਕੀਜੈ ॥ ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥

ਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ, ਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮਤਿ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ?।1। ਰਹਾਉ।

ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥ ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥

ਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।1।

ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥

ਹੇ ਭਾਈ! ਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ = ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ।2।

ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥ ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥

ਹੇ ਨਾਨਕ! (ਆਖ– ਹੇ ਭਾਈ! ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਉਹ ਮਨੁੱਖ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ।3।2।

ਨੌਵੇਂ ਗੁਰੂ ਜੀ ਕਿਰਪਾ ਕਰਦੇ ਹਨ ਕਿ ਹੇ ਭਾਈ ਜਿਹੜਾ ਮਨੁੱਖ ਸੱਚੇ ਦਿਲੋਂ ਉਸ ਅਕਾਲ ਪੁਰਖ ਦੀ ਪਲ ਭਰ ਲਈ ਵੀ ਸਿਫਤ ਸਲਾਹ ਕਰਦਾ ਹੈ, ਨਾਮ ਸਿਮਰਦਾ ਹੈ, ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਭੈੜੀ ਮਤਿ ਦਾ ਨਾਸ਼ ਹੋ ਜਾਂਦਾ ਹੈ। ਉਸ ਮਨੁੱਖ ਨੂੰ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਉਸ ਦੇ ਦਿਲੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ।

ਸੋ ਕੇਵਲ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੀ ਸਾਰੇ ਕਰਮ ਕਾਂਡ ਹਨ। ਇਸ ਦੇ ਨਾਲ ਉਹ ਸਭ ਮਿਲੇਗਾ ਜੋ ਮਨੁੱਖਾ ਜੀਵਨ ਦਾ ਅਸਲ ਮਕਸਦ ਹੈ। ਸੋ ਸਾਰੀ ਗੁਰਬਾਣੀ ਹੀ ਉਸ ਅਕਾਲ ਪੁਰਖ ਨਾਲ ਜੋੜਦੀ ਹੈ ਤੇ ਉਸ ਦੀ ਸਿਫਤਿ ਸਲਾਹ ਹੀ ਕਰਦੀ ਹੈ। ਸਾਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਵੀ ਸਫਲਾ ਹੋ ਸਕੇ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 43ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*[email protected]

Share This Article
Leave a Comment