Shabad Vichaar 40-‘ਜਾ ਮੈ ਭਜਨੁ ਰਾਮ ਕੋ ਨਾਹੀ ॥’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 40ਵੇਂ ਸ਼ਬਦ ਦੀ ਵਿਚਾਰ – Shabad Vichaar -40

‘ਜਾ ਮੈ ਭਜਨੁ ਰਾਮ ਕੋ ਨਾਹੀ ॥’ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਨਾਮ ਭਗਤੀ ਤੋਂ ਵਾਂਝੇ ਮਨੁੱਖਾਂ ਨੂੰ ਨਾ ਲੋਕ ਵਿੱਚ ਤੇ ਪ੍ਰਲੋਕ ਵਿੱਚ ਢੋਈ ਮਿਲਦੀ ਹੈ। ਇਸ ਜਨਮ ਜੇ ਉਸ ਅਕਾਲ ਪੁਰਖ ਦਾ ਨਾਮ ਨਹੀਂ ਜਪਿਆ ਤਾਂ ਇਹ ਮਨੁੱਖਾ ਜੀਵਨ ਵਿਅਰਥ ਹੈ। ਇਹ ਗੱਲ ਬਿਲਕੁਲ ਪੱਕੀ ਹੈ ਇਸ ‘ਤੇ ਕੋਈ ਸੰਕਾ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਬਚਨ ‘ਧੁਰ ਕੀ ਬਾਣੀ’ ਦੇ ਹਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 40ਵੇਂ ਸ਼ਬਦ ‘ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 831 ‘ਤੇ ਰਾਗ ਬਿਲਾਵਲ ਅਧੀਨ ਅੰਕਿਤ ਹੈ। ਬਿਲਾਵਲ ਰਾਗ ਵਿੱਚ ਇਹ ਨੌਵੇਂ ਪਾਤਸ਼ਾਹ ਦਾ ਤੀਜਾ ਸ਼ਬਦ ਹੈ। ਇਸ ਰਾਗ ਵਿੱਚ ਨੌਵੇਂ ਮਹਲੇ ਕੇਵਲ ਤਿੰਨ ਹੀ ਸ਼ਬਦ ਹਨ ਤੇ ਇਹ ਆਖਰੀ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਪ੍ਰਭੂ ਦੇ ਨਾਮ ਤੋਂ ਵਿਹੂਣੇ ਜੀਵਨ ਨੂੰ ਉਪਦੇਸ਼ ਦੇ ਰਹੇ ਹਨ।

ਬਿਲਾਵਲੁ ਮਹਲਾ ੯ ॥
ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

ਹੇ ਭਾਈ! ਇਹ ਗੱਲ ਪੱਕੀ ਚੇਤੇ ਰੱਖੋ ਕਿ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ।੧।ਰਹਾਉ।

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ, ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ।੧।
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ) , ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ।੨।

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥ 

ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੇ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ। ਹੇ ਨਾਨਕ! ਆਖ-ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩।੩।

ਨੌਵੇਂ ਪਾਤਸ਼ਾਹ ਉਕਤ ਸ਼ਬਦ ਵਿੱਚ ਸਾਨੂੰ ਸਮਝਾਉਂਣਾ ਕਰ ਰਹੇ ਹਨ ਕਿ ਹੇ ਭਾਈ ਇੱਕ ਗੱਲ ਪੱਕੀ ਸਮਝ ਲੈ ਕਿ ਪ੍ਰਭੂ ਨਾਮ ਤੋਂ ਬਿਨਾਂ ਇਹ ਜਨਮ ਵਿਆਰਥ ਹੈ। ਜੇ ਪ੍ਰਭੂ ਦਾ ਨਾਮ ਨਹੀਂ ਜਪਿਆ ਤਾਂ ਸਾਰੇ ਧਾਰਮਿਕ ਕਰਮਕਾਂਡ ਵਰਤ, ਤੀਰਥਾਂ ਦੇ ਇਸ਼ਨਾਨਾਂ ਆਦਿ ਦਾ ਕੋਈ ਮਹੱਤਵ ਨਹੀਂ। ਨਾਮ ਵਿਹੂਣਾ ਮਨੁੱਖ ਉਵੇਂ ਹੀ ਹੈ ਜਿਵੇਂ ਪਾਣੀ ਵਿੱਚ ਪਿਆ ਪੱਥਰ ਹੈ ਭਾਵ ਜਿਵੇਂ ਪੱਥਰ ‘ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਨਾਮ ਤੋਂ ਵਾਂਝੇ ਮਨੁੱਖ ਦੀ ਅਵਸਥਾ ਹੁੰਦੀ ਹੈ। ਗੁਰੂ ਸਾਹਿਬ ਇੱਕ ਅਜਿਹੇ ਰਾਜ ਦੀ ਗੱਲ ਦਸਦੇ ਹਨ ਜਿਸ ਨੂੰ ਜੋਗੀ, ਜਤੀ, ਤਪੀ ਆਦਿ ਹਾਸਲ ਕਰਨ ਲਈ ਸਦੀਆਂ ਦਾ ਤਪ ਕਰਦੇ ਹਨ। ਗੁਰੂ ਜੀ ਕਿਰਪਾ ਕਰਦੇ ਹਨ ਕਿ ਮਨੁੱਖਾ ਜੀਵਨ ਵਾਹਿਗੁਰੂ ਦੇ ਨਾਮ ਦੇ ਰਾਹੀਂ ਹੀ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਸਕਦਾ ਹੈ। ਉਹ ਮਨੁੱਖ ਸਦਾ ਆਦਰਯੋਗ ਹੁੰਦਾ ਹੈ ਜੋ ਹਰੀ ਪ੍ਰਭੂ ਦਾ ਨਾਮ ਜਪਦਾ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 41ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥

*[email protected]

Share This Article
Leave a Comment