ਗੁਰਸਿੱਖਾਂ ਦੀ ਹੋਲੀ : ਹੋਲੀ ਕੀਨੀ ਸੰਤ ਸੇਵ

TeamGlobalPunjab
6 Min Read

ਗੁਰਦੇਵ ਸਿੰਘ (ਡਾ.)

ਹੋਲੀ ਇੱਕ ਅਜਿਹਾ ਤਿਉਹਾਰ ਹੈ, ਜਿਸ ਨੂੰ ਬੜੇ ਚਾਅ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ। ਹਰ ਵਰੇ ਇਹ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਵੱਖ ਵੱਖ ਕੋਸ਼ਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹੋਲੀ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਹੈ ਸਗੋਂ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਮਨਾਉਂਦੇ ਆ ਰਹੇ ਹਨ। ਹਰ ਖੇਤਰ ਵਿੱਚ ਇਸ ਨੂੰ ਮਨਾਉਣ ਦਾ ਆਪਣਾ ਢੰਗ ਤਰੀਕਾ ਹੈ। ਇਸ ਤਿਉਹਾਰ ਨੂੰ ਸਾਂਝੀਵਾਲਤਾ, ਆਪਸੀ ਪਿਆਰ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਿਉਹਾਰ ਨੂੰ ਅਲੱਗ-ਅਲੱਗ ਥਾਵਾਂ ’ਤੇ ਵੱਖੋ-ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਪਰ ਸਿੱਖਾਂ ਨੇ ਹੋਲੀ ਨੂੰ ਕਿਵੇਂ ਮਨਾਉਂਣਾ ਹੈ, ਕੀ ਸਿੱਖ ਨੂੰ ਹੋਲੀ ਮਨਾਉਣੀ ਚਾਹੀਦੀ ਹੈੈੈ? ਹੋਲੀ ਨਾਲ ਕੀ ਸਿੱਖਾਂ ਦਾ ਵੀ ਕੋਈ ਸਬੰਧ ਹੈ? ਇਸ ਸਬੰਧੀ ਸਾਡਾ ਮਾਰਗ ਦਰਸ਼ਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਸਰਲ ਤਰੀਕੇ ਨਾਲ ਕਰਦੀ ਹੈ:

ਬਸੰਤੁ ਮਹਲਾ ੫ ਘਰੁ ੧ ਦੁਤੁਕੇ  ੴ ਸਤਿਗੁਰ ਪ੍ਰਸਾਦਿ ॥

ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥

- Advertisement -

ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥

ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ। ਕਰਿ = ਕਰ ਕੇ। ਆਜੁ = ਅੱਜ, ਹੁਣ ਜਦੋਂ ਕਿ ਮੈਂ ਪ੍ਰਭੂ ਦੇ ਗੁਣ ਗਾਏ ਹਨ। ਹਮਾਰੈ = ਮੇਰੇ ਹਿਰਦੇ ਵਿਚ। ਮੰਗਲਚਾਰ = ਮੰਗਲਾਚਾਰ, ਆਨੰਦ ਦਾ ਸਮਾ। ਮਹਾ = ਬੜਾ। ਲਥੀ = ਲਹਿ ਗਈ ਹੈ, ਦੂਰ ਹੋ ਗਈ ਹੈ। ਭੇਟੇ = ਮਿਲ ਪਏ ਹਨ।1।

ਹੇ ਭਾਈ! (ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ, ਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ, ਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। (ਹੇ ਭਾਈ! ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਇਸ ਵਾਸਤੇ) ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ।1।

ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥

ਹਮਾਰੈ ਗ੍ਰਿਹਿ = ਮੇਰੇ ਹਿਰਦੇ-ਘਰ ਵਿਚ। ਬਸੰਤ = ਖਿੜਾਉ, ਖ਼ੁਸ਼ੀ, ਆਤਮਕ ਆਨੰਦ। ਪ੍ਰਭ ਬੇਅੰਤ = ਹੇ ਬੇਅੰਤ ਪ੍ਰਭੂ!।1। ਰਹਾਉ।

- Advertisement -

ਹੇ ਬੇਅੰਤ ਪ੍ਰਭੂ! ਜਦੋਂ ਤੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥

ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥

ਹਮਾਰੈ = ਮੇਰੇ ਹਿਰਦੇ ਵਿਚ। ਫਾਗ = ਫੱਗਣ ਦਾ ਮਹੀਨਾ, ਫੱਗਣ ਮਹੀਨੇ ਦਾ ਤਿਉਹਾਰ, ਹੋਲੀ। ਪ੍ਰਭ ਸੰਗੀ = ਪ੍ਰਭੂ ਦੇ ਸੰਗੀ-ਸਾਥੀ, ਸੰਤ ਜਨ। ਮਿਲਿ = ਮਿਲ ਕੇ। ਸੰਤ ਸੇਵ = ਸੰਤ ਜਨਾਂ ਦੀ ਸੇਵਾ। ਅਤਿ = ਬਹੁਤ ਗੂੜ੍ਹਾ। ਰੰਗੁ ਦੇਵ = ਪ੍ਰਭੂ ਦੇਵ ਦੇ ਪਿਆਰ ਦਾ ਰੰਗ।2।

ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ, ਪ੍ਰਭੂ ਦੇ ਸੰਤ ਜਨ (ਸਾਧ ਸੰਗਤਿ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ। (ਹੇ ਭਾਈ! ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ।2।

ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥

ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥

ਮਉਲਿਓ = ਖਿੜ ਪਿਆ ਹੈ, ਆਤਮਕ ਜੀਵਨ ਵਾਲਾ ਬਣ ਗਿਆ ਹੈ। ਅਨੂਪ = ਸੋਹਣਾ। ਸੂਕੈ ਨਾਹੀ = ਆਤਮਕ ਜੀਵਨ ਦੀ ਤਰਾਵਤ ਮੁੱਕਦੀ ਨਹੀਂ। ਛਾਵ ਧੂਪ = ਸੁਖਾਂ ਦੁੱਖਾਂ ਵੇਲੇ। ਸਗਲੀ ਰੂਤੀ = ਸਾਰੀਆਂ ਰੁੱਤਾਂ ਵਿਚ, ਹਰ ਸਮੇ। ਹਰਿਆ = ਆਤਮਕ ਜੀਵਨ ਵਾਲਾ। ਗੁਰ ਮਿਲੇ ਦੇਵ = ਗੁਰਦੇਵ ਜੀ ਮਿਲ ਪਏ ਹਨ। ਸਦ ਬਸੰਤ = ਸਦਾ ਆਤਮਕ ਖਿੜਾਉ।3।

ਹੇ ਭਾਈ! (ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ। ਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ। (ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ।3।

ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥

ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥ 

ਬਿਰਖੁ = ਰੁੱਖ। ਜਮਿਓ ਹੈ– ਉੱਗ ਪਿਆ ਹੈ। ਪਾਰਜਾਤ ਬਿਰਖੁ = ਪਾਰਜਾਤ ਰੁੱਖ, ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗ ਦਾ ਰੁੱਖ। ਭਾਂਤਿ = ਕਈ ਕਿਸਮਾਂ ਦੇ। ਤ੍ਰਿਪਤਿ ਅਘਾਨੇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਗਾਇ = ਗਾ ਕੇ। ਧਿਆਇ = ਸਿਮਰ ਕੇ।4।

ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰ ਕੇ, ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।4।1।

ਸਾਧ ਸੰਗਤ ਦੇ ਨਾਲ ਮਿਲ ਬੈਠ ਕੇ ਕੀਤੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਰਾਹੀਂ ਜੋ ਰੰਗ ਚੜ੍ਹਦਾ ਹੈ ਉਹ ਐਨਾ ਗੂੜ੍ਹਾ ਹੁੰਦਾ ਹੈ ਕਿ ਉਹ ਕਦੀ ਉਤਰਦਾ ਨਹੀਂ।ਗੁਰਬਾਣੀ ਸਾਨੁੰ ਇਹੀ ਸੇਧ ਦਿੰਦੀ ਹੈ ਕਿ ਗੂਰੂ ਦੀ ਸਿਫਤ ਸਲਾਹ ਦੇ ਸਦਾਬਹਾਰ ਰੰਗਾਂ ਨਾਲ ਹੋਲੀ ਖੇਡਣ ਦਾ ਉਪਦੇਸ਼ ਦੇ ਰਹੇ ਹਨ। ਅੱਜ ਭੇਡ ਚਾਲ ਦੇ ਮਗਰ ਲੱਗ ਕੇ ਸਾਰੇ ਸਿੱਖ ਵੀ  ਰੰਗਾਂ ਹੋਲੀ ਖੇਡੀ ਜਾਂਦੇ ਹਨ ਜਦੋਂ ਕਿ ਜਿਥੇ ਗੁਰਬਾਣੀ ਸਾਨੂੰ ਅਜਿਹਾ ਕਰਨ ਤੋਂ ਵਰਜ ਦੀ ਹੈ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹੋਲੀ ਦੇ ਸਥਾਨ ‘ਤੇ ਹੋਲਾ ਮਹੱਲਾ ਮਨਾਉਂਣ ਦੀ ਤਾਕੀਦ ਕੀਤੀ ਹੈ।

*gurdevsinghdr@gmail.com

Share this Article
Leave a comment