ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 33ਵੇਂ ਸ਼ਬਦ ਦੀ ਵਿਚਾਰ – Shabad Vichaar -33
ਮਨ ਰੇ ਸਾਚਾ ਗਹੋ ਬਿਚਾਰਾ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਸਦੀਆਂ ਤੋਂ ਮਨੁੱਖ ਜਗਤ ਦੇ ਰਚਨਹਾਰੇ ਨੂੰ ਵੱਖ ਵੱਖ ਤਰੀਕਿਆਂ ਨਾਲ ਖੋਜਦਾ ਆ ਰਿਹਾ ਹੈ ਪਰ ਉਸ ਦਾ ਅੰਤ ਕਿਸੇ ਨੇ ਨਹੀਂ ਪਾਇਆ। ਆਪਣੀ ਵਿਦਵਤਾ ਲਈ ਸੰਸਾਰ ਪ੍ਰਸਿਧ ਜੋਗੀ ਵੀ ਉਸ ਨੂੰ ਖੋਜ ਖੋਜ ਕੇ ਥੱਕ ਗਏ। ਉਸ ਅਕਾਲ ਪੁਰਖ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕੀ ਹੈ ਉਸ ਦਾ ਸੁਭਾਅ ਅਤੇ ਇਸ ਜਗਤ ਦੀ ਕੀ ਹੈ ਸਚਾਈ ਇਸ ਬਾਰੇ ਗੁਰਬਾਣੀ ਸਪਸ਼ਟ ਰੂਪ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 33ਵੇਂ ਸ਼ਬਦ ‘ਮਨ ਰੇ ਸਾਚਾ ਗਹੋ ਬਿਚਾਰਾ॥ ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਮਨ ਨੂੰ ਨਾਸ਼ਵਾਨ ਜਗਤ ਦੀ ਸੋਝੀ ਦੇ ਰਹੇ ਹਨ। ਜੈਤਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਤੀਜਾ ਤੇ ਆਖਰੀ ਸ਼ਬਦ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 703 ‘ਤੇ ਅੰਕਿਤ ਹੈ।
ਜੈਤਸਰੀ ਮਹਲਾ ੯ ॥ ਮਨ ਰੇ ਸਾਚਾ ਗਹੋ ਬਿਚਾਰਾ ॥ ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥
ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ।੧।ਰਹਾਉ।
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ॥ ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥
ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ, ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ।੧।
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥
ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ। ਹੇ ਨਾਨਕ! ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ।੨।੩।
ਉਕਤ ਸ਼ਬਦ ਵਿੱਚ ਗੁਰੂ ਜੀ ਵੱਡਾ ਉਪਦੇਸ਼ ਦਿੱਤਾ ਹੈ ਕਿ ਹੇ ਮਨ ਤੂੰ ਇਹ ਗੱਲ ਪਲੇ ਬੰਨ ਲੈ ਕਿ ਪ੍ਰਮਾਤਮਾ ਦਾ ਨਾਮ ਹੀ ਅਮਰ ਹੈ ਬਾਕ ਸਭ ਨਾਸ਼ਵਾਨ ਹੈ। ਜਿਸ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਵੱਡੇ ਵੱਡੇ ਜੋਗੀ ਲੱਭਦੇ ਲੱਭਦੇ ਥੱਕ ਗਏ ਹਨ, ਜਿਸ ਦਾ ਕੋਈ ਚਿਨ੍ਹ ਦਸਿਆ ਨਹੀਂ ਜਾ ਸਕਦਾ ਉਹ ਤੇਰੇ ਅੰਗ ਸੰਗ ਹੀ ਵਸਦਾ ਹੈ। ਜਿਹੜਾ ਪ੍ਰਮਾਤਮਾ ਸਭ ਦੀ ਰੱਖਿਆ ਕਰਦਾ ਹੈ ਉਸ ਨੂੰ ਆਪਣੇ ਮਨ ਵਿੱਚ ਵਸਾ ਤੇ ਉਸ ਦੀ ਸ਼ਰਨ ਵਿੱਚ ਹੀ ਜਾ ਕਿਉਂਕਿ ਉਸ ਦਾ ਮੁੱਢ ਕਦੀਮ ਤੋਂ ਇਹ ਸੁਭਾਅ ਰਿਹਾ ਹੈ ਕਿ ਉਹ ਆਪਣੀ ਸ਼ਰਣ ਆਏ ਦੀ ਹਮੇਸ਼ਾਂ ਰੱਖਿਆ ਕਰਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 34ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥