Shabad Vichaar 29-”ਤਿਹ ਜੋਗੀ ਕਉ ਜੁਗਤਿ ਨ ਜਾਨਉ॥’’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 29ਵੇਂ ਸ਼ਬਦ ਦੀ ਵਿਚਾਰ – Shabad Vichaar -29

ਤਿਹ ਜੋਗੀ ਕਉ ਜੁਗਤਿ ਨ ਜਾਨਉ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਹਿੰਦੋਸਤਾਨ ਵਿੱਚ ਜੋਗ ਮਤ ਦਾ ਇੱਕ ਆਪਣਾ ਸਥਾਨ ਰਿਹਾ ਹੈ। ਜੋਗੀਆਂ ਦੀ ਅਪਣੀ ਇੱਕ ਮਰਯਾਦਾ ਰਹੀ ਹੈ। ਇੱਕ ਖਾਸ ਕਿਸਮ ਦਾ ਜੀਵਨ ਤੇ ਖਾਸ ਕਿਸਮ ਦੀ ਜੋਗ ਸਾਧਨਾ ਜੋਗੀ ਦੇ ਲਈ ਜ਼ਰੂਰੀ ਮੰਨੀ ਗਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਜੋਗਿਆਂ ਨਾਲ ਗੋਸਟੀਆਂ ਵੀ ਕੀਤੀਆਂ ਹਨ ਜਿਸ ਤੋਂ ਜੋਗੀਆਂ ਦੀ ਵਿਦਵਤਾ, ਮਹੱਤਤਾ ਅਤੇ ਸਮਾਜ ਵਿੱਚ ਉਨ੍ਹਾਂ ਦੇ ਸਥਾਨ ਦਾ ਪਤਾ ਲੱਗਦਾ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਜੋਗੀਆਂ ਨੂੰ ਕਈ ਤਰ੍ਹਾਂ ਦੇ ਉਪਦੇਸ਼ ਕੀਤੇ ਹਨ ਜੋ ਕਿ ਹਰ ਜੋਗੀ ਵਿੱਚ ਹੋਣੇ ਜ਼ਰੂਰੀ ਹਨ। ਉਨ੍ਹਾਂ ਗੁਣਾਂ ਤੋਂ ਸਖਣੇ ਜੋਗੀਆਂ ਨੂੰ ਗੁਰੂ ਜੀ ਜੋਗੀ ਹੀ ਨਹੀਂ ਮੰਨਦੇ। ਇਸੇ ਸੰਦਰਭ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜੋਗੀਆਂ ਨੂੰ ਕੁਝ ਅਜਿਹਾ ਉਪਦੇਸ਼ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 29ਵੇਂ ਸ਼ਬਦ ‘ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਜੋਗੀ ਹੋਏ ਮਨੁੱਖ ਨੂੰ ਵਿਸ਼ੇਸ਼ ਉਪਦੇਸ਼ ਕਰ ਰਹੇ ਹਨ। ਧਨਾਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਤੀਜਾ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 685 ‘ਤੇ ਅੰਕਿਤ ਹੈ।

- Advertisement -

ਧਨਾਸਰੀ ਮਹਲਾ ੯ ॥

ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥

ਹੇ ਭਾਈ! ਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ।੧।ਰਹਾਉ।

ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ, ਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ।੧।

- Advertisement -

ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥

ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ 

ਹੇ ਨਾਨਕ! ਆਖ-(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ।੨।੩।

ਨੌਵੇਂ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਫੁਰਮਾ ਰਹੇ ਹਨ ਕਿ ਹੇ ਭਾਈ ਜੋ ਮਨੁੱਖ ਲੋਭ, ਮੋਹ, ਮਮਤਾ ਆਦਿ ਵਿੱਚ ਫਸਿਆ ਹੈ, ਉਸ ਨੂੰ ਸਹੀ ਜੀਵਨ ਜਾਚ ਨਹੀਂ ਆਈ ਭਾਵੇਂ ਉਸ ਨੇ ਜੋਗ ਧਾਰਨ ਭਲੇ ਨਾ ਕਰ ਲਿਆ ਹੋਵੇ।  ਅਸਲ ਵਿੱਚ ਜੋ ਪਰਾਈ ਨਿੰਦਿਆ ਤੇ ਖ਼ੁਸ਼ਾਮਦ ਨਹੀਂ ਕਰਦਾ ਅਤੇ ਜੋ ਸੋਨੇ ਅਤੇ ਲੋਹੇ ਨੂੰ ਇਕਸਮਾਨ ਸਮਝਦਾ ਹੈ ਤੇ ਜੋ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ਅਸਲ ਵਿੱਚ ਉਹ ਹੀ ਜੋਗੀ ਹੈ। ਅਸਲ ਵਿੱਚ ਜਿਸ ਮਨੁੱਖ ਨੇ ਆਪਣੇ ਮਨ ਨੂੰ ਅਡੋਲ ਟਿੱਕਾ ਲਿਆ ਉਸੇ ਮਨੁੱਖ ਨੂੰ ਵਿਕਾਰਾਂ ਤੋਂ ਖਲਾਸੀ ਮਿਲਣੀ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 30ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment