ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 25ਵੇਂ ਸ਼ਬਦ ਦੀ ਵਿਚਾਰ – Shabad Vichaar -25
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਅਸਲ ਵਿੱਚ ਉਹ ਕਿਹੜੇ ਗੁਣ ਹੁੰਦੇ ਹਨ ਜਿਸ ਨਾਲ ਪ੍ਰਮਾਤਮਾ ਮਿਲਦਾ ਹੈ ? ਇਸ ਦਾ ਉੱਤਰ ਸਾਨੂੰ ਗੁਰਬਾਣੀ ਵਿੱਚ ਪ੍ਰਤੱਖ ਰੂਪ ਵਿੱਚ ਮਿਲ ਜਾਂਦਾ ਹੈ। ਜੁਗਾਂ ਜੁਗਾਂਤਰਾਂ ਤੋਂ ਮਨੁੱਖ ਅਕਾਲ ਪੁਰਖ ਦੀ ਪ੍ਰਾਪਤੀ ਲਈ ਅਨੇਕ ਤਰ੍ਹਾਂ ਦੇ ਯਤਨ ਕਰਦਾ ਆ ਰਿਹਾ ਹੈ। ਪ੍ਰਮਾਤਮਾ ਨੂੰ ਪਾਉਣ ਹਿਤ ਇਹ ਕਈ ਕਈ ਸਾਲਾਂ ਦੀ ਤਪਸਿਆ, ਕਈ ਤਰ੍ਹਾਂ ਦੇ ਕਰਮ ਕਾਂਡ, ਕਈ ਤਰ੍ਹਾਂ ਦੇ ਭੇਖ ਆਦਿ ਬਣਾਉਂਦਾ ਰਿਹਾ ਹੈ। ਅਨੇਕ ਤਰ੍ਹਾਂ ਦੇ ਕਸ਼ਟ ਵੀ ਮਨੁੱਖ ਨੇ ਆਪਣੇ ਸਰੀਰ ਨੂੰ ਦਿੱਤੇ। ਮਨੁੱਖ ਹਮੇਸ਼ਾਂ ਇੱਕ ਅਜਿਹਾ ਜੀਵਨ ਜੀਉਂਣ ਦੀ ਕੋਸ਼ਿਸ਼ ਵਿੱਚ ਰਿਹਾ ਹੈ ਜਿਸ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕੇ। ਇਨ੍ਹਾਂ ਯਤਨਾਂ ਨਾਲ ਮਨੁੱਖ ਇੱਕ ਦੋ ਗੁਣ ਤਾਂ ਆਪਣੇ ਵਿੱਚ ਪੈਦਾ ਕਰ ਲੈਂਦਾ ਹੈ ਜੋ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦੇ ਹਨ ਪਰ ਉਹ ਕਾਫੀ ਨਹੀਂ । ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਕੁਝ ਖਾਸ ਗੁਣਾਂ ਦਾ ਧਾਰਨੀ ਹੋਣਾ ਵੀ ਪੈਦਾ ਹੈ। ਜਿਵੇਂ ਕਲਾਸ ਦੇ ਵਿੱਚ ਪਾਸ ਹੋਣ ਲਈ ਕੁਝ ਅੰਕ ਨਿਰਧਾਰਤ ਹੁੰਦੇ ਹਨ ਉਸੇ ਤਰ੍ਹਾਂ ਪ੍ਰਮਾਤਮਾ ਨੂੰ ਪਾਉਂਣ ਲਈ ਮਨੁੱਖ ਨੂੰ ਵਿਸ਼ੇਸ਼ ਗੁਣਾਂ ਦਾ ਧਾਰਣੀ ਹੋਣਾ ਪੈਂਦਾ ਹੈ।
ਗੁਰਬਾਣੀ ਵਿੱਚ ਮਨੁੱਖ ਨੂੰ ਉਨ੍ਹਾਂ ਗੁਣਾਂ ਬਾਰੇ ਉਪਦੇਸ਼ ਦਿੱਤਾ ਗਿਆ ਹੈ ਜਿਸ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਹੀ ਨਹੀਂ ਉਨ੍ਹਾਂ ਗੁਣਾਂ ਦੀ ਪ੍ਰਾਪਤੀ ਹਿਤ ਵੀ ਗਿਆਨ ਦਿੱਤਾ ਗਿਆ ਹੈ ਜਿਨ੍ਹਾਂ ਨਾਲ ਉਹ ਗੁਣ ਪੈਦਾ ਹੁੰਦੇ ਹਨ। ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਵਿਚਾਰ ਲੜੀ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 25ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਉਨ੍ਹਾਂ ਗੁਣਾਂ ਦਾ ਨਿਸ਼ਾਹਦੇਹੀ ਕਰ ਰਹੇ ਹਨ ਜਿਸ ਨਾਲ ਉਹ ਪ੍ਰਭੂ ਪ੍ਰਮਾਤਮਾ ਮਿਲਦਾ ਹੈ। ਇਹ ਸ਼ਬਦ ਸੋਰਠਿ ਰਾਗ ਵਿੱਚ ਦਰਜ ਹੈ ਜੋ ਕਿ ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 11ਵਾਂ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 633 ‘ਤੇ ਅੰਕਿਤ ਹੈ।
ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥
ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥
(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਮਝਾਉਂਣਾ ਕਰ ਰਹੇ ਹਨ ਕਿ ਜੋ ਮਨੁੱਖ ਦੁੱਖਾਂ ਤੋਂ ਘਬਰਾਉਂਦਾ ਨਹੀਂ, ਸੁੱਖਾਂ ਨਾਲ ਮੋਹ ਨਹੀਂ ਕਰਦਾ, ਜੋ ਨਿਡਰ ਹੈ, ਜੋ ਸੋਨੇ ਨੂੰ ਮਿੱਟੀ ਸਮਾਨ ਹੀ ਜਾਣਦਾ ਹੈ ਭਾਵ ਜਿਸ ਦੇ ਮਨ ਵਿੱਚ ਸੋਨਾ ਆਦਿਕ ਕੀਮਤੀ ਵਸਤੂਆਂ ਲਈ ਕੋਈ ਲਾਲਸਾ ਨਹੀਂ, ਜੋ ਚੁਗ਼ਲੀ-ਬੁਰਾਈ ਨਹੀਂ ਕਰਦਾ, ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ, ਜਿਸ ਦੇ ਅੰਦਰ ਲੋਭ, ਮੋਹ, ਅਹੰਕਾਰ ਨਹੀਂ; ਜੋ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜੋ ਆਦਰ ਅਤੇ ਨਿਰਾਦਰੀ ਦੀ ਹੀ ਕੋਈ ਪਰਵਾਹ ਨਹੀਂ ਕਰਦਾ ਹੈ; ਜੋ ਆਸਾਂ ਦਾ ਤਿਆਗ ਕਰਦਾ ਹੈ, ਜਗਤ ਨਾਲ ਮੋਹ ਨਹੀਂ ਪਾਉਂਦਾ ਅਤੇ ਕਾਮ ਵਾਸ਼ਨਾ ਤੇ ਕ੍ਰੋਧ ਜਿਸ ਦੇ ਵਸ ‘ਚ ਹੁੰਦੇ ਹਨ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਉਸ ਅਕਾਲ ਪੁਰਖ ਦੀ ਮਿਹਰ ਨਾਲ ਉਹ ਮਨੁੱਖ ਉਸ ਪ੍ਰਮਾਤਮਾ ਨਾਲ ਇਵੇਂ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਹੋ ਜਾਂਦਾ ਹੈ।
ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 26ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥