Shabad Vichaar 22-‘ਰੇ ਨਰ ਇਹ ਸਾਚੀ ਜੀਅ ਧਾਰਿ’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 22ਵੇਂ ਸ਼ਬਦ ਦੀ ਵਿਚਾਰ – Shabad Vichaar -22

ਰੇ ਨਰ ਇਹ ਸਾਚੀ ਜੀਅ ਧਾਰਿ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਸੁਪਨਿਆਂ ਦੀ ਦੁਨੀਆਂ ਅਸਲ ਨਹੀਂ ਹੁੰਦੀ ਜਦੋਂ ਕਿ ਜਾਪਦੀ ਉਹ ਅਸਲ ਵਰਗੀ ਹੀ ਹੈ। ਇਹ ਸਾਰਾ ਜਗਤ ਵੀ ਸੁਪਨਿਆਂ ਦੀ ਦੁਨੀਆਂ ਦੀ ਨਿਆਈਂ ਹੈ। ਸਾਡੀ ਅਸਲ ਦੁਨੀਆਂ ਇਹ ਨਹੀਂ ਹੈ ਜੋ ਕਿ ਸਾਨੂੰ ਦਿਸ ਰਹੀ ਹੈ। ਇੱਕ ਦੁਨੀਆਂ ਇਹ ਹੈ ਜਿਸ ਦਾ ਅੱਖ ਖੁੱਲਣ ਦੇ ਨਾਲ ਪਤਾ ਲੱਗਦਾ ਹੈ ਅਤੇ ਇੱਕ ਦੁਨੀਆਂ ਉਹ ਹੈ ਜਿਸ ਦਾ ਅੱਖ ਬੰਦ ਹੋਣ ਦੇ ਨਾਲ ਪਤਾ ਲੱਗਦਾ ਹੈ ਉਸ ਨੂੰ ਹੀ ਅਸਲ ਦੁਨੀਆਂ ਅਖਿਆ ਜਾਂਦਾ ਹੈ। ਅਸੀਂ ਉਸ ਨੂੰ ਹੀ ਅਸਲ ਮੰਨੀ ਜਾ ਰਹੇ ਹਾਂ ਜੋ ਦਿਸ ਰਿਹਾ ਹੈ। ਸਾਡੇ ਇਸ ਨੂੰ ਭੁਲੇਖੇ ਨੂੰ ਗੁਰਬਾਣੀ ਦੂਰ ਕਰਦੀ ਹੈ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ ਸੰਦਰਭ ਵਿੱਚ ਸਾਡਾ ਮਾਰਗ ਰੋਸ਼ਨ ਕਰਨ ਕਰਦੀ ਹੈ। ਅੱਜ ਅਸੀਂ ਰੇ ਨਰ ਇਹ ਸਾਚੀ ਜੀਅ ਧਾਰਿ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ॥੧॥ ਸ਼ਬਦ ਦੀ ਵਿਚਾਰ ਕਰਾਂਗੇ।  ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 633 ‘ਤੇ ਅੰਕਿਤ ਹੈ ਜੋ ਕਿ  ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ 8ਵਾਂ ਅਤੇ ਕੁੱਲ ਬਾਣੀ ਦਾ 22ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ  ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ:

ਸੋਰਠਿ ਮਹਲਾ ੯ ॥

ਰੇ ਨਰ ਇਹ ਸਾਚੀ ਜੀਅ ਧਾਰਿ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ॥੧॥ ਰਹਾਉ॥

ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।

ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥

ਹੇ ਭਾਈ! ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ?।੧।

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥

ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਨਾਨਕ! ਆਖ-(ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ।੨।੮।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਮਨੁੱਖ ਉਪਦੇਸ਼ ਕਰ ਰਹੇ ਹਨ ਕਿ ਅਜੇ ਵੀ ਸੰਭਲ ਜਾ ਤੇਰੇ ਕੋਲ ਅਜੇ ਵੀ ਵਕਤ ਹੈ। ਅਜੇ ਵੀ ਕੁਝ ਵਿਗੜਿਆ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਿਆ ਕਰ। ਇਹ ਜੋ ਦੁਨੀਆਂ ਜਿਸ ਨੂੰ ਤੂੰ ਅਸਲ ਸਮਝੀ ਜਾ ਰਿਹਾ ਹੈ ਇਹ ਸੁਪਨਿਆਂ ਦੀ ਦੁਨੀਆਂ ਦੀ ਤਰ੍ਹਾਂ ਹੀ ਹੈ ਜਿਸ ਨੂੰ ਖਤਮ ਹੋਣ ਵਿੱਚ ਇੱਕ ਪਲ ਵੀ ਨਹੀਂ ਲਗੇਗਾ। ਇਹ ਮਾਇਆ ਦੇ ਸੁੱਖ ਰੇਤ ਦੀ ਕੰਧ ਦੀ ਨਿਆਈ ਹੈ ਜੋ ਕੁਝ ਚਿਰ ਦੀ ਹੀ ਮਹਿਮਾਨ ਹੁੰਦੀ ਹੈ। ਸੋ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਸੱਚਾ ਹੈ ਉਹ ਸਾਰੇ ਸੁੱਖਾਂ ਦਾ ਦਾਤਾ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 23ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*[email protected]

Share This Article
Leave a Comment