ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 17ਵੇਂ ਸ਼ਬਦ ਦੀ ਵਿਚਾਰ – Shabad Vichaar -17

TeamGlobalPunjab
5 Min Read

ਮਨ ਰੇ ਕਉਨੁ ਕੁਮਤਿ ਤੈ ਲੀਨੀ॥ ਸ਼ਬਦ ਦੀ ਵਿਚਾਰ

ਡਾ. ਗੁਰਦੇਵ ਸਿੰਘ

ਪਰਾਈ ਇਸਤਰੀ, ਪਰਾਈ ਨਿੰਦਿਆ ਦੇ ਰਸ ਵਿੱਚ ਗ੍ਰਸਤ ਮਨੁੱਖ ਆਪਣੇ ਮਨੁੱਖਾ ਜਨਮ ਦੀ ਬਾਜੀ ਹਾਰ ਰਿਹਾ ਹੈ। ਕਈ ਕਈ ਜਨਮਾਂ ਤੋਂ ਬਾਅਦ ਇਹ ਮਨੁੱਖ ਜਨਮ ਮਿਲਿਆ ਹੈ ਪਰ ਮਨੁੱਖ ਇਸ ਦੀ ਸੰਭਾਲ ਨਹੀਂ ਕਰ ਰਿਹਾ। ਮਨੁੱਖ ਅਨਜਾਣ ਪੁਣੇ ਵਿੱਚ ਉਨ੍ਹਾਂ ਕਾਰਜਾਂ ਵਿੱਚ ਗ੍ਰਸਤ ਰਹਿੰਦਾ ਹੈ ਜਿਹੜੇ ਅਸਲ ਵਿੱਚ ਉਸ ਦੇ ਕੰਮ ਹੀ ਨਹੀਂ ਆਉਣੇ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ  ਜਿਸ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਉਸ ਵਿੱਚ ਗੁਰੂ ਜੀ ਅਜਿਹੇ ਹੀ ਵਿਕਾਰਾਂ ਵਿੱਚ ਗ੍ਰਸਤ ਮਨ ਨੂੰ ਸਮਝਾ ਰਹੇ ਹਨ। ਅੱਜ ਅਸੀਂ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 631 ‘ਤੇ ਅੰਕਿਤ ਹੈ ਜੋ ਕਿ  ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ ਤੀਸਰਾ ਸ਼ਬਦ ਹੈ ਅਤੇ ਨੌਵੇਂ ਮਹਲੇ ਦੀ ਕੁੱਲ ਬਾਣੀ ਦਾ 17ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ ਇਸ ਤ੍ਹਰਾਂ ਉਪਦੇਸ਼ ਕਰ ਰਹੇ ਹਨ:

ਸੋਰਠਿ ਮਹਲਾ ੯ ॥

ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥

- Advertisement -

 ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।

ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥

ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।

ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥

ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।

- Advertisement -

ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥

ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਕਾਰਾਂ ਵਿੱਚ ਗ੍ਰਸਤ ਮਨ ਨੂੰ ਤਾੜਨਾ ਕਰ ਰਹੇ ਆਖ ਰਹੇ ਹਨ ਕਿ ਹੇ ਮਨ ਤੂੰ ਇਹ ਕਿਹੜੀ ਭੈੜੀ ਮਤ ਲੈ ਲਈ ਹੈ। ਤੂੰ ਤਾਂ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਖਚਤ ਰਹਿੰਦਾ ਹੈਂ, ਵਿਕਾਰਾਂ ਵਿੱਚ ਫਸਿਆ ਧਨ ਦੋਲਤ ਦੇ ਪਿਛੇ ਦੌੜੀ ਜਾਂਦਾ ਹੈ ਤੂੰ ਅਕਲ ਦੀ ਗੱਲ ਅਜੇ ਤਕ ਨਹੀਂ ਸਿੱਖੀ। ਪਰਮਾਤਮਾ ਦਾ ਸਿਮਰਨ ਜੋ ਜ਼ਰੂਰੀ ਹੈ ਉਹ ਤੂੰ ਕਦੇ ਕੀਤਾ ਹੀ ਨਹੀਂ। ਇਨ੍ਹਾਂ ਵਿਕਾਰਾਂ ਤੋਂ ਖਲਾਸੀ ਦਾ ਰਸਤਾ ਭਾਲ ਜੋ ਇਹ ਧਨ ਪਦਾਰਥ ਜੋੜੀ ਜਾਂਦਾ ਹੈ ਉਹ ਤੇਰੇ ਸਾਥ ਹੀ ਨਹੀਂ ਜਾਣੇ। ਕਈ ਜਨਮਾਂ ਤੋਂ ਬਾਅਦ ਪ੍ਰਾਪਤ ਹੋਏ ਸੋਹਣੇ ਮਨੁੱਖਾ ਜਨਮ ਨੂੰ ਸੰਭਾਲ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ।

ਸੋਮਵਾਰ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 18ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਰਾਹ ਦਸੇਰਾ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment