ਨਿਊਜ਼ ਡੈਸਕ: ਬੰਗਲਾਦੇਸ਼ ਵਿੱਚ ਅੱਜ 35 ਸਾਲ ਬਾਅਦ ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਹੋਣ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਸਿੱਧੇ ਤੌਰ ’ਤੇ ਲੋਕਾਂ ਵੱਲੋਂ ਨਹੀਂ ਕੀਤੀ ਜਾਂਦੀ, ਸਗੋਂ ਸੰਸਦ ਮੈਂਬਰ ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਇਸ ਵਾਰ ਸੰਸਦ ਦੇ ਕੁੱਲ 349 ਮੈਂਬਰ ਆਪਣੀ ਵੋਟ ਪਾਉਣਗੇ।
ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਏਐੱਮਐੱਮ ਨਾਸਿਰ ਉੱਦੀਨ ਮੁਤਾਬਕ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਵੋਟਾਂ ਦੀ ਗਿਣਤੀ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ।
ਦੋ ਉਮੀਦਵਾਰਾਂ ਵਿਚਾਲੇ ਮੁਕਾਬਲਾ
ਰਾਸ਼ਟਰਪਤੀ ਅਹੁਦੇ ਲਈ ਸੱਤਾਧਾਰੀ ਪਾਰਟੀ BNP ਦੇ ਉਮੀਦਵਾਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਅਤੇ ਮੁੱਖ ਵਿਰੋਧੀ ਪਾਰਟੀ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਦਲਾਂ ਦੇ ਗਠਜੋੜ ਦੇ ਉਮੀਦਵਾਰ ਕਰਨਲ (ਰਿਟਾਇਰਡ) ਓਲੀ ਅਹਿਮਦ ਵਿਚਾਲੇ ਸਿੱਧਾ ਮੁਕਾਬਲਾ ਹੈ।
ਫਰਵਰੀ ਵਿੱਚ ਹੋਈਆਂ ਆਮ ਚੋਣਾਂ ਵਿੱਚ BNP ਨੇ ਸੰਸਦ ਵਿੱਚ ਦੋ-ਤਿਹਾਈ ਬਹੁਮਤ ਹਾਸਲ ਕੀਤਾ ਸੀ। ਇਸ ਕਾਰਨ ਫਖਰੁਲ ਇਸਲਾਮ ਆਲਮਗੀਰ ਦੀ ਜਿੱਤ ਦੀਆਂ ਸੰਭਾਵਨਾਵਾਂ ਮਜ਼ਬੂਤ ਮੰਨੀਆਂ ਜਾ ਰਹੀਆਂ ਹਨ।
ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਵੋਟਿੰਗ
ਰਾਸ਼ਟਰਪਤੀ ਚੋਣ ਲਈ ਅੱਜ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਰਾਸ਼ਟਰੀ ਸੰਸਦ ਦੇ ਸੈਸ਼ਨ ਹਾਲ ਵਿੱਚ ਪਾਈਆਂ ਜਾਣਗੀਆਂ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਸੰਸਦ ਮੈਂਬਰਾਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਗੇ।
ਚੋਣ ਕਮਿਸ਼ਨ ਨੇ ਬੈਲਟ ਪੇਪਰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਰ ਬੈਲਟ ਪੇਪਰ ਵਿੱਚ ਰਿਕਾਰਡ ਲਈ ਇੱਕ ਹਿੱਸਾ ਅਤੇ ਵੋਟ ਪਾਉਣ ਲਈ ਦੂਜਾ ਹਿੱਸਾ ਹੋਵੇਗਾ। ਸੰਸਦ ਮੈਂਬਰ ਨੂੰ ਬੈਲਟ ਪੇਪਰ ਲੈਣ ਤੋਂ ਪਹਿਲਾਂ ਨਿਰਧਾਰਤ ਥਾਂ ’ਤੇ ਆਪਣਾ ਨਾਮ ਲਿਖ ਕੇ ਦਸਤਖ਼ਤ ਕਰਨੇ ਹੋਣਗੇ। ਇਸ ਤੋਂ ਬਾਅਦ ਉਹ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਦੇ ਸਾਹਮਣੇ ਆਪਣਾ ਨਾਮ ਲਿਖ ਕੇ ਦਸਤਖ਼ਤ ਕਰੇਗਾ।
ਚੋਣ ਕਮਿਸ਼ਨ ਮੁਤਾਬਕ ਦੋਵੇਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੈਧ ਪਾਏ ਗਏ ਹਨ ਅਤੇ ਨਾਮ ਵਾਪਸ ਲੈਣ ਦੀ ਆਖਰੀ ਮਿਆਦ ਤੱਕ ਕਿਸੇ ਨੇ ਵੀ ਆਪਣਾ ਨਾਮ ਵਾਪਸ ਨਹੀਂ ਲਿਆ।
1991 ਤੋਂ ਬਾਅਦ ਪਹਿਲੀ ਵਾਰ ਮੁਕਾਬਲਾ
ਬੰਗਲਾਦੇਸ਼ ਵਿੱਚ ਹੁਣ ਤੱਕ 12 ਰਾਸ਼ਟਰਪਤੀ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅੱਠ ਵਾਰ ਰਾਸ਼ਟਰਪਤੀ ਬਿਨਾਂ ਮੁਕਾਬਲੇ ਚੁਣੇ ਗਏ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਪਹਿਲੀ ਰਾਸ਼ਟਰਪਤੀ ਚੋਣ 1974 ਵਿੱਚ ਹੋਈ ਸੀ, ਜਿਸ ਵਿੱਚ ਸੰਸਦ ਮੈਂਬਰਾਂ ਨੇ ਮੁਹੰਮਦ ਮੁਹੰਮਦੁੱਲਾਹ ਨੂੰ ਚੁਣਿਆ ਸੀ।
1975 ਵਿੱਚ ਸੰਵਿਧਾਨ ਵਿੱਚ ਸੋਧ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਸਿੱਧੇ ਲੋਕਾਂ ਵੱਲੋਂ ਕਰਵਾਉਣ ਦੀ ਵਿਵਸਥਾ ਕੀਤੀ ਗਈ। ਇਸ ਤਹਿਤ 1978, 1981 ਅਤੇ 1986 ਵਿੱਚ ਲੋਕਾਂ ਨੇ ਰਾਸ਼ਟਰਪਤੀ ਦੀ ਚੋਣ ਕੀਤੀ।
1991 ਵਿੱਚ ਮੁੜ ਸੰਸਦੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਸੰਸਦ ਮੈਂਬਰਾਂ ਰਾਹੀਂ ਹੋਣ ਲੱਗੀ। ਉਸੇ ਸਾਲ ਦੋ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਤੋਂ ਬਾਅਦ 2023 ਤੱਕ ਸਾਰੀਆਂ ਚੋਣਾਂ ਬਿਨਾਂ ਮੁਕਾਬਲੇ ਹੋਈਆਂ। ਹੁਣ 35 ਸਾਲ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਹੋ ਰਿਹਾ ਹੈ।

