ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੀਆਂ ਔਰਤਾਂ ਲਈ ਐਲਾਨੀਆਂ ਪੰਜ ਗਰੰਟੀਆਂ ਦੀ ਸ਼ਲਾਘਾ ਕੀਤੀ ਹੈ।
ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਪੰਜ ‘ਨਾਰੀ ਨਿਆਇ ਗਰੰਟੀਆਂ’ ਵਿੱਚ ਮਹਾ ਲਕਸ਼ਮੀ, ਅੱਧੀ ਅਬਾਦੀ-ਪੂਰਾ ਹੱਕ, ਸ਼ਕਤੀ ਕਾ ਸਨਮਾਨ, ਮਿਤਰਤਾ ਅਧਿਕਾਰ ਅਤੇ ਸਾਵਿਤ੍ਰੀ ਫੁੱਲੇ ਹੋਸਟਲ ਸਕੀਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਹ ਮੰਨਦੀ ਰਹੀ ਹੈ ਕਿ ਔਰਤਾਂ ਦੇ ਸਸ਼ਕਤੀਕਰਨ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ, ਇਸ ਲਈ ਹੀ ਪਾਰਟੀ ਖ਼ਾਸ ਤੌਰ ‘ਤੇ ਔਰਤਾਂ ਲਈ ਪੰਜ ਸ਼ਾਨਦਾਰ ਗਰੰਟੀਆਂ ਲੈ ਕੇ ਆਈ ਹੈ।
ਕਾਂਗਰਸ ਨੇਤਾ ਨੇ ਕਿਹਾ ਕਿ ਮਹਾ ਲਕਸ਼ਮੀ ਗਾਰੰਟੀ ਵਿੱਚ ਇੱਕ ਗ਼ਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ 1 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਉਹਨਾਂ ਕਿਹਾ ਕਿ ਇਹ ਗਰੰਟੀ ਔਰਤਾਂ ਨੂੰ ਵਿੱਤੀ ਤੌਰ ‘ਤੇ ਸੁਤੰਤਰ ਬਣਾਵੇਗੀ। ਉਹਨਾਂ ਕਿਹਾ ਕਿ ‘ਅੱਧੀ ਆਬਾਦੀ-ਪੁਰਾ ਹੱਕ’ ਗਰੰਟੀ ਤਹਿਤ ਕੇਂਦਰ ਸਰਕਾਰ ਦੀਆਂ ਨਵੀਂਆਂ ਨਿਯੁਕਤੀਆਂ ਵਿੱਚ ਔਰਤਾਂ ਦੇ 50% ਹਿੱਸੇ ਨੂੰ ਯਕੀਨੀ ਬਣਾਇਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਇਹ ਪੰਜ ਗਰੰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਸਾ ਪਲਟ ਕੇ ਰੱਖ ਦੇਣਗੀਆਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਹਿਣ ਲਈ ਹੀ ਗਰੰਟੀਆਂ ਨਹੀਂ ਹਨ ਬਲਕਿ ਅਸਲ ਵਿੱਚ ‘ਪੱਥਰ ਦੀ ਲਕੀਰ’ ਹਨ, ਜੋ ਬਿਨਾਂ ਕਿਸੇ ਅੜਚਣ ਤੋਂ ਹਰ ਹਾਲਤ ਵਿਚ ਲਾਭਪਾਤਰੀਆਂ ਤੱਕ ਪਹੁੰਚਉਣਗੀਆਂ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਸਿਰਫ਼ ਵਾਅਦੇ ਹੀ ਨਹੀਂ ਕਰਦੀ ਸਗੋਂ ਪੂਰੇ ਕਰਨ ਵਿੱਚ ਵੀ ਵਿਸ਼ਵਾਸ ਰੱਖਦੀ ਹੈ।
ਕਾਂਗਰਸੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿ ਲੋਕਾਂ ਦਾ ਆਮ ਆਦਮੀ ਪਾਰਟੀ ‘ਚੋਂ ਵਿਸ਼ਵਾਸ ਖ਼ਤਮ ਹੋ ਚੁੱਕਾ ਹੈ, ਜਿਸ ਦੀ ਦੀ ਪੁਸ਼ਟੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਹੋ ਜਾਵੇਗੀ।
ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਆਰਥਿਕ ਤੇ ਸਾਮਜਿਕ ਹਾਲਤ ਨੂੰ ਮੁੜ ਲੀਹਾਂ ਉਤੇ ਲਿਆਉਣ ਲਈ ਇਸ ਵਾਰ 13 ਦੀਆਂ 13 ਲੋਕ ਸਭਾ ਸੀਟਾਂ ਕਾਂਗਰਸ ਨੂੰ ਜਿਤਾਉਣ।