ਬਜਰੰਗ ਦਲ ਦੇ ਵਰਕਰ ਹਰਸ਼ਾ ਕਤਲ ਕੇਸ ਵਿੱਚ ਹੁਣ ਤੱਕ 6 ਮੁਲਜ਼ਮ ਗ੍ਰਿਫ਼ਤਾਰ

TeamGlobalPunjab
2 Min Read

 ਬੈਂਗਲੁਰੂ— ਕਰਨਾਟਕ ਦੇ ਸ਼ਿਵਮੋਗਾ ‘ਚ ਬਜਰੰਗ ਦਲ ਦੇ ਵਰਕਰ ਹਰਸ਼ਾ ਦੀ ਹੱਤਿਆ ਤੋਂ ਬਾਅਦ ਸਨਸਨੀ ਫੈਲ ਗਈ ਹੈ। ਹੁਣ ਇਸ ਕਤਲ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜ਼ਿਲ੍ਹੇ ਦੇ ਐਸਪੀ ਲਕਸ਼ਮੀ ਪ੍ਰਸਾਦ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕਤਲ ਵਿੱਚ ਸ਼ਾਮਲ 6 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ  ਨੇ ਦੱਸਿਆ ਕਿ ਸਾਰੇ ਦੋਸ਼ੀ ਸਥਾਨਕ ਨਿਵਾਸੀ ਹਨ ਅਤੇ ਪੁਲਸ ਨੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਨੁਸਾਰ ਇਨ੍ਹਾਂ 6 ਮੁਲਜ਼ਮਾਂ ਵਿੱਚੋਂ 4 ਹਮਲਾਵਰ ਹਨ ਅਤੇ ਦੋ ਵਿਅਕਤੀ ਇਨ੍ਹਾਂ ਦਾ ਸਾਥ ਦੇਣ ਵਾਲੇ ਹਨ। ਪੁਲਿਸ  ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੇ ਨਾਂ ਕਾਸ਼ਿਫ, ਨਦੀਮ, ਰਹਿਮਾਨ ਸ਼ਰੀਫ, ਨਿਹਾਨ, ਆਸਿਫੁੱਲਾ ਅਤੇ ਅਬਦੁਲ ਅਫਨਾਨ ਹਨ। ਇਸ ਮਾਮਲੇ ‘ਚ ਹੁਣ ਤੱਕ 12 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਪੁਲਿਸ ਨੇ ਹਰਸ਼ਾ ਖ਼ਿਲਾਫ਼ ਦਰਜ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਖਿਲਾਫ ਦੋ ਮਾਮਲੇ ਦਰਜ ਹਨ, ਇੱਕ ਦੰਗੇ ਭੜਕਾਉਣ ਅਤੇ ਦੂਜਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ। ਇਹ ਦੋਵੇਂ ਮਾਮਲੇ 2016-17 ਦੌਰਾਨ ਦਰਜ ਕੀਤੇ ਗਏ ਸਨ।

ਮ੍ਰਿਤਕ ਹਰਸ਼ਾ  ਦੀ ਉਮਰ 23 ਸਾਲ ਸੀ ਅਤੇ ਸ਼ਿਵਮੋਗਾ ਦੀ ਭਾਰਤੀ ਕਲੋਨੀ ਸਥਿਤ ਕਾਮਤ ਪੈਟਰੋਲ ਪੰਪ ਨੇੜੇ ਐਤਵਾਰ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਹਰਸ਼ਾ ਦੇ ਕਤਲ ਪਿੱਛੇ ਹਿਜਾਬ ਵਿਵਾਦ ਨੂੰ ਮੰਨਿਆ ਜਾ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਹਿੰਦੂ ਹੋਣ ਕਾਰਨ ਕਤਲ ਕੀਤਾ ਗਿਆ ਹੈ।

- Advertisement -

Share this Article
Leave a comment