Home / ਓਪੀਨੀਅਨ / ਚੰਡੀਗੜ ਕਿਵੇਂ ਵੱਸਿਆ ?

ਚੰਡੀਗੜ ਕਿਵੇਂ ਵੱਸਿਆ ?

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਵਿੱਚ ਅੱਜ ਚੰਡੀਗੜ ਦੇ ਮੁੱਢਲੇ ਸੈਕਟਰ 2 ਅਤੇ 3 ਹੇਠ ਆ ਚੁੱਕੇ ਪਿੰਡ ਮਹਿਲੇਮਾਜਰਾ ਦੀ ਗੱਲ ਕਰਾਂਗੇ ਜੋ ਉਸ ਸਮੇਂ ਪੁਆਧ ਦੇ ਇਲਾਕੇ ਵਿੱਚ ਪੰਜਾਬ ਦੇ ਅੰਬਾਲਾ ਜਿਲ੍ਹੇ ਦੀ ਤਹਿਸੀਲ ਖਰੜ ਦਾ ਹਿੱਸਾ ਸੀ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਇਆ ਕਰੇਗੀ।

ਪਿੰਡ ਮਹਿਲੇਮਾਜਰਾ (ਹੁਣ ਸੈਕਟਰ 2 ਅਤੇ 3 ਹੇਠ)

*ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡਾਂ ਵਿੱਚ ਇੱਕ ਪਿੰਡ ਮਹਿਲਾਮਾਜਰਾ ਸੀ, ਜੋ 1950 ਦੇ ਪਹਿਲੇ ਉਠਾਲੇ ਸਮੇਂ ਉਜਾੜ ਦਿੱਤਾ ਗਿਆ ਸੀ। ਹੁਣ ਇਸ ਪਿੰਡ ਦੀ ਮਿੱਟੀ ਉਪਰ ਚੰਡੀਗੜ ਦੇ ਸੈਕਟਰ 2 ਅਤੇ 3 ਦੀਆਂ ਮਹਿਲਨੁਮਾ ਕੋਠੀਆਂ ਬਣੀਆਂ ਹੋਈਆਂ ਹਨ ਪ੍ਰੰਤੂ ਮਹਿਲੇਮਾਜਰਾ ਦੇ ਬਿਰਲੇ ਬਿਰਲੇ ਦਰੱਖਤ ਅੱਜ ਵੀ ਇਹਨਾਂ ਕੋਠੀਆਂ ਵਿੱਚ ਖੜੇ ਦੇਖੇ ਜਾ ਸਕਦੇ ਹਨ। ਮਹਿਲੇਮਾਜਰਾ ਪਿੰਡ ਦੇ ਚੜਦੇ ਪਾਸੇ ਕਾਂਸਲ, ਛਿਪਦੇ ਪਾਸੇ ਸਾਹਿਜਾਦਪੁਰ, ਉੱਤਰ ਵੱਲ ਨਵਾਂਗਰਾਂਓ ਅਤੇ ਦੱਖਣ ਵਾਲੇ ਪਾਸੇ ਕਾਲੀਬੜ ਪਿੰਡ ਸਨ।

*ਸੈਕਟਰ 3 ਵਿੱਚ ਕੋਠੀ ਨੰਬਰ 3 ਹਰਿਆਣਾ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸੀ। ਪੁਰਾਣੇ ਸਿਆਸਤਦਾਨ ਦੱਸਦੇ ਹਨ ਕਿ ਸਵ. ਸ੍ਰ. ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ ਹੁੰਦੇ ਸੀ ਤਾਂ ਇਸ ਕੋਠੀ ਵਿੱਚੋਂ ਨਿਕਲ ਕੇ ਲੋਕਾਂ ਨੂੰ ਮਿਲਦੇ ਅਤੇ ਕਈ ਵਾਰ ਸਿਰ ਤੇ ਸਾਫਾ ਬੰਨਦੇ ਬੰਨਦੇ ਪੈਦਲ ਹੀ ਸਕੱਤਰੇਤ ਪਹੁੰਚ ਜਾਂਦੇ ਸੀ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਰਾਹ ਵਿੱਚ ਸੁਣਦੇ ਜਾਂਦੇ ਸਨ। ਸਕੱਤਰੇਤ ਦੀ ਬਿਲਡਿੰਗ ਇਸ ਕੋਠੀ ਦੇ ਬਿਲਕੁੱਲ ਸਾਹਮਣੇ ਕੋਈ ਦੋ ਤਿੰਨ ਸੌ ਮੀਟਰ ਦੀ ਦੂਰੀ ਤੇ ਹੈ। ਹੁਣ ਇਹ ਕੋਠੀ ਹਰਿਆਣਾ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਅਤੇ ਇਸ ਵਿੱਚ ਖੜੇ ਵੱਡੇ ਵੱਡੇ ਪਿੱਪਲ ਅਤੇ ਇਸ ਦੇ ਪਿਛੇ ਕੋਠੀ ਨੰਬਰ 4 ਅੱਗੇ ਖੜਾ ਪੁਰਾਣਾ ਅੰਬ ਮਹਿਲੇਮਾਜਰਾ ਪਿੰਡ ਦੀ ਯਾਦ ਸਾਂਭੀ ਖੜੇ ਹਨ ਅਤੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਥੇ ਕਦੇ ਪਿੰਡ ਵੱਸਦਾ ਹੁੰਦਾ ਸੀ। ਇਸ ਪਿੰਡ ਦੇ ਨਾਲ ਦੱਖਣ ਵੱਲ ਬਰਸਾਤੀ ਚੋਅ ਹੁਣ ਬੋਗਨਵਿਲਾ ਗਾਰਡਨ ਵਿੱਚ ਆ ਚੁੱਕਾ ਹੈ ਅਤੇ ਇਸ ਗਾਰਡਨ ਅੰਦਰ ਦੇਸ਼ ਲਈ ਕੁਰਬਾਨ ਹੋਈ ਸ਼ਹੀਦਾਂ ਦਾ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਜਿਥੇ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਨਾਮ ਕੰਧਾਂ ਤੇ ਉਕਰੇ ਹੋਏ ਹਨ।

*ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਾ ਸਰਕਾਰੀ ਰਿਹਾਇਸ਼ ਸੈਕਟਰ 2 ਵਿੱਚ ਹੈ, ਉਹ ਵੀ ਮਹਿਲੇਮਾਜਰਾ ਉਪਰ ਹੈ। ਇਸ ਦੇ ਨਾਲ ਹੀ ਸੈਕਟਰ 2 ਵਿੱਚ ਹੀ ਪੰਜਾਬ ਦੇ ਵਿੱਤ ਮੰਤਰੀ ਦੀ ਸਰਕਾਰੀ ਕੋਠੀ ਨੰ: 47 ਵਿੱਚ ਖੜੇ ਪੁਰਾਣੇ ਅੰਬ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਦੀ ਸਰਕਾਰੀ ਕੋਠੀ ਨੰ: 49 ਵਿੱਚ ਗੇਟ ਦੇ ਨਾਲ ਖੜਾ ਵੱਡਾ ਪਿੱਪਲ, ਪੰਜਾਬ ਐਡਵੋਕੇਟ ਜਨਰਲ ਦੀ ਸਰਕਾਰੀ ਕੋਠੀ ਨੰ: 50 ਵਿੱਚ ਖੜਾ ਪੁਰਾਣਾ ਪਿੱਪਲ ਅਤੇ ਇਸ ਦੇ ਪਿੱਛੇ ਕੋਠੀ ਨੰ: 51 ਦੇ ਬਾਹਰ ਖੜਾ ਪੁਰਾਤਨ ਪਿੱਪਲ ਮਹਿਲੇਮਾਜਰਾ ਪਿੰਡ ਦੀਆਂ ਨਿਸ਼ਾਨੀਆਂ ਵਜੋਂ ਦੇਖੇ ਜਾ ਸਕਦੇ ਹਨ। ਸੈਕਟਰ 2 ਵਿੱਚ ਸਕੱਤਰੇਤ ਵਾਲੇ ਪਾਸੇ ਬਣੇ ਛੋਟੇ ਚੌਂਕ ਦੇ ਨੇੜੇ ਖੂੰਜੇ ਵਿੱਚ ਖੜੇ ਦੋ ਅੰਬ ਵੀ ਮਹਿਲੇਮਾਜਰੇ ਦੇ ਹਨ, ਜਿਹਨਾਂ ਦੇ ਉਪਰੋਂ ਕਟਿੰਗ ਕਰਕੇ ਬਿਜਲੀ ਦੀਆਂ ਤਾਰਾਂ ਲੰਘਾਈਆਂ ਹੋਈਆਂ ਹਨ।

*ਮਹਿਲੇਮਾਜਰਾ ਛੋਟਾ ਜਿਹਾ ਪਿੰਡ ਸੀ ਇਸ ਵਿੱਚ ਲਗਭਗ 30 ਘਰ ਸੀ ਜਿਹਨਾਂ ਦੀ ਅਬਾਦੀ 200 ਦੇ ਲਗਭਗ ਸੀ। ਇਸ ਪਿੰਡ ਵਿੱਚ ਨਾ ਕੋਈ ਗੁਰਦੁਆਰਾ, ਨਾ ਹੀ ਮੰਦਰ ਸੀ ਅਤੇ ਨਾ ਹੀ ਕੋਈ ਸਕੂਲ ਸੀ। ਬੱਸ ਇੱਕ ਧਰਮਸ਼ਾਲਾ ਸੀ। ਪੀਣ ਲਈ ਪਾਣੀ ਦੇ ਖੂਹ ਹੁੰਦੇ ਸੀ ਅਤੇ ਖੂਹਾਂ ਦਾ ਪਾਣੀ 60 ਫੁੱਟ ਤੇ ਸੀ। ਪਿੰਡ ਵਿੱਚ ਗੰਨੇ ਪੀੜਨ ਲਈ ਘਲਾੜੀਆਂ ਚੱਲਦੀਆਂ ਹੁੰਦੀਆਂ ਸੀ। ਖੇਤਾਂ ਵਿੱਚ ਕਣਕ, ਗੰਨਾ, ਮੱਕੀ, ਛੋਲੇ, ਮੂੰਗਫਲੀ ਅਤੇ ਧਾਨ ਬੀਜਦੇ ਹੁੰਦੇ ਸੀ। ਜਿਮੀਂਦਾਰਾਂ ਦਾ ਗੋਤ ਵਿਰਕ ਸੀ। ਇੱਕ ਘਰ ਗੋਸਾਈਆਂ ਦਾ, ਇੱਕ ਦਲਿਤਾਂ ਦਾ ਅਤੇ ਪੰਜ ਕੁ ਘਰ ਕਹਾਰਾਂ ਦੇ ਸੀ। ਜਿਮੀਂਦਾਰਾਂ ਦੇ 10 ਗੱਡੇ ਸੀ ਅਤੇ ਇੱਕ ਰੱਥ ਵੀ ਸੀ। ਇਸ ਪਿੰਡ ਦੇ ਲੋਕ ਪੈਦਲ ਮਾਤਾ ਮਨਸ਼ਾ ਦੇਵੀ ਅਤੇ ਮਾਤਾ ਜੈਂਤੀ ਦੇਵੀ ਦਾ ਮੇਲਾ ਦੇਖਣ ਜਾਂਦੇ ਹੁੰਦੇ ਸੀ। ਇਸ ਪਿੰਡ ਦੇ ਰਾਮ ਸਿੰਘ, ਇੰਦਰ ਸਿੰਘ, ਮੀਹਾਂ ਸਿੰਘ ਅਤੇ ਤੇਜਾ ਸਿੰਘ ਨੇ ਫੌਜ ਵਿੱਚ ਨੌਕਰੀ ਕੀਤੀ। ਇਸ ਪਿੰਡ ਵਿੱਚ ਪਿੱਪਲ, ਬਰੋਟਾ, ਨਿੰਮ ਅਤੇ ਅੰਬਾਂ ਦੇ ਦਰੱਖਤ ਸਨ। ਮੁੱਖ ਫਸਲਾਂ ਕਣਕ, ਗੰਨਾ, ਮੱਕੀ, ਛੋਲੇ, ਮੂੰਗਫਲੀ ਅਤੇ ਧਾਨ ਹੁੰਦੇ ਸਨ। ਲੋਕ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਸਨ।

*ਮਹਿਲੇਮਾਜਰਾ ਦੇ ਹਜਾਰਾ ਸਿੰਘ ਨੇ ਮਨੀਮਾਜਰਾ ਅਤੇ ਖਰੜ ਦੇ ਸਕੂਲਾਂ ਵਿੱਚ ਜਾ ਕੇ ਵਿੱਦਿਆ ਹਾਸਿਲ ਕੀਤੀ ਅਤੇ ਜਿਓਲੌਜੀਕਲ ਸਰਵੇ ਆਫ ਇੰਡੀਆ ਵਿੱਚ ਮੈਕੇਨੀਕਲ ਇੰਜੀਨੀਅਰ ਵਜੋਂ ਨੌਕਰੀ ਕੀਤੀ। ਪਿੰਡ ਬਚਾਓ ਕਮੇਟੀ ਦੇ ਜਨਰਲ ਸਕੱਤਰ ਮੇਜਰ ਰਜਿੰਦਰ ਸਿੰਘ ਲਾਲੀ ਵਿਰਕ ਦਾ ਪਿੰਡ ਵੀ ਮਹਿਲੇਮਾਜਰਾ ਸੀ। ਇਸ ਪਿੰਡ ਦੇ ਲੋਕਾਂ ਨੂੰ ਖਰੜ, ਖਾਨਪੁਰ, ਚਤਾਮਲੀ, ਕਮਾਲਪੁਰ, ਦੁੱਲਮਾਂ ਖੱਦਰੀ, ਮਨੀਮਾਜਰਾ, ਬਹਿਲਾਂ, ਚੂੰਨੀ ਕਲਾਂ ਆਦਿ ਪਿੰਡਾਂ ਵਿੱਚ ਵਸਾਇਆ ਗਿਆ। ਉਸ ਸਮੇਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਜਮੀਨ ਬਦਲੇ ਜਮੀਨ ਅਤੇ ਮਕਾਨ ਬਦਲੇ ਮਕਾਨ ਦਿੱਤੇ ਗਏ ਸਨ। ਮਹਿਲੇਮਾਜਰਾ ਦੀ ਹੱਦਬਸਤ ਨੰ: 206 ਅਧੀਨ ਪੈਂਦੀ 319 ਏਕੜ ਜਮੀਨ ਅਤੇ ਲਾਲ ਡੋਰੇ ਅੰਦਰਲੇ ਰਕਬੇ ਨੂੰ ਐਕੁਆਇਰ ਕਰਨ ਦਾ ਐਵਾਰਡ ਮਿਤੀ 5 ਅਪ੍ਰੈਲ 1952 ਨੂੰ ਸੁਣਾਇਆ ਗਿਆ ਜਿਸ ਦੇ ਨਾਲ ਇਹ ਪਿੰਡ ਸਦਾ ਲਈ ਖਤਮ ਹੋ ਗਿਆ ਅਤੇ ਇਸ ਚੰਡੀਗੜ ਦੇ ਨਕਸ਼ੇ ਮੁਤਾਬਿਕ ਸੈਕਟਰ 2 ਅਤੇ 3 ਬਣਾਏ ਗਏ। ਜੇਕਰ ਚੰਡੀਗੜ ਪ੍ਰਸ਼ਾਸ਼ਨ ਇਸ ਵੀ.ਆਈ.ਪੀ. ਏਰੀਏ ਵਿੱਚ ਪਿੰਡ ਮਹਿਲੇਮਾਜਰਾ ਦੀ ਜਾਣਕਾਰੀ ਲਿਖ ਕੇ ਯਾਦ ਸਥਾਪਤ ਕਰੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇਗੀ।

-ਮਲਕੀਅਤ ਸਿੰਘ ਔਜਲਾ

ਸੰਪਰਕ: 9914992424

ਪਤਾ: ਪਿੰਡ ਮੁੱਲਾਂਪੁਰ ਗਰੀਬਦਾਸ (ਮੋਹਾਲੀ)

Check Also

ਦੇਸ਼ ਦੇ ਹਾਲਾਤ ਸਾਜ਼ਗਾਰ ਨਹੀਂ ! ਭਾਰਤੀ ਹਕੂਮਤ ਦੀ ਦਿਸ਼ਾ ਕਿਧਰ ਨੂੰ?

-ਗੁਰਮੀਤ ਸਿੰਘ ਪਲਾਹੀ ਅਡਾਨੀਆਂ, ਅੰਬਾਨੀਆਂ ਦੀ ਸਰਪ੍ਰਸਤੀ ਨਾਲ ਚਲ ਰਹੀ ਮੌਜੂਦਾ ਹਕੂਮਤ ਵੇਲੇ ਭਾਰਤ ਦੇਸ਼ …

Leave a Reply

Your email address will not be published. Required fields are marked *