ਮੁੰਬਈ: ਦਿੱਗਜ ਨੇਤਾ ਬਾਬਾ ਸਿੱਦੀਕੀ ਦਾ ਬੀਤੀ 12 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਮੁਲਜ਼ਮਾਂ ਨੂੰ ਲੈ ਕੇ ਇੱਕ ਹੋਰ ਨਵਾਂ ਦਾਅਵਾ ਕੀਤਾ ਜਾ ਰਿਹਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਬਾਬਾ ਸਿੱਦੀਕੀ ਨੂੰ ਮਾਰਨ ਤੋਂ ਪਹਿਲਾਂ ਸ਼ੂਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ‘ਚ ਸੀ। ਐਨਾ ਹੀ ਨਹੀਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਸਨੈਪਚੈਟ ਰਾਹੀਂ ਅਨਮੋਲ ਨਾਲ ਗੱਲ ਕੀਤੀ ਸੀ।
ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਸੀ ਕਿ ਬਾਬਾ ਸਿੱਦੀਕੀ ਨੂੰ ਮਾਰਨ ਦੀ ਯੋਜਨਾ ਤਿੰਨ ਮਹੀਨੇ ਪਹਿਲਾਂ ਪੁਣੇ ਵਿੱਚ ਸ਼ੁਰੂ ਹੋ ਗਈ ਸੀ। ਕਾਤਲਾਂ ਨੇ ਯੂ-ਟਿਊਬ ਤੋਂ ਗੋਲੀ ਚਲਾਉਣੀ ਸਿੱਖ ਲਈ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਿੱਦੀਕੀ ਕਤਲ ਮਾਮਲੇ ‘ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਐਨਸੀਪੀ ਆਗੂ ਬਾਬਾ ਸਿੱਦੀਕੀ ਨੂੰ ਮਾਰਨ ਲਈ ਆਏ ਮੁਲਜ਼ਮ ਗੁਰਮੇਲ ਸਿੰਘ ਅਤੇ ਧਰਮਰਾਜ ਕਸ਼ਯਪ ਨੇ 6 ਰਾਉਂਡ ਫਾਇਰ ਕੀਤੇ ਸਨ। ਹਸਪਤਾਲ ਲਿਜਾਂਦੇ ਸਮੇਂ ਬਾਬਾ ਸਿੱਦੀਕੀ ਦੀ ਮੌਤ ਹੋ ਗਈ। ਦੋਵਾਂ ਨੂੰ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਕਤਲ ਕਾਂਡ ਦਾ ਤੀਜਾ ਸ਼ੱਕੀ ਸ਼ੂਟਰ ਸ਼ਿਵਾ ਗੌਤਮ ਹਲੇ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਹਰੀਸ਼ ਕੁਮਾਰ ਨਿਸ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਜ਼ਿਸ਼ਕਰਤਾ ਪ੍ਰਵੀਨ ਲੋਨਕਰ ਨੂੰ ਵੀ ਕਾਬੂ ਖਰ ਲਿਆ ਗਿਆ ਹੈ। ਪ੍ਰਵੀਨ ਸ਼ੁਭਮ ਦਾ ਭਰਾ ਹੈ, ਜੋ ਕਿ ਲਾਰੇਂਸ ਬਿਸ਼ਨੋਈ ਦਾ ਗੁਰਗਾ ਹੈ।
ਇਸ ਤੋਂ ਇਲਾਵਾ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਅਨਮੋਲ ਕੈਨੇਡਾ ਅਤੇ ਅਮਰੀਕਾ ਤੋਂ ਮੁਲਜ਼ਮਾਂ ਦੇ ਸੰਪਰਕ ‘ਚ ਸੀ। ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਕ੍ਰਾਈਮ ਬ੍ਰਾਂਚ ਇਸ ਮਾਮਲੇ ‘ਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਦੋ ਸ਼ੂਟਰ ਅਤੇ ਇੱਕ ਹਥਿਆਰ ਦੇਣ ਵਾਲਾ ਸ਼ਾਮਲ ਹੈ। ਫਿਲਹਾਲ ਸ਼ਿਵਾ ਅਤੇ ਹੋਰ ਕਈ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।