ਆਜ਼ਾਦੀ ਦੇ ਪਰਵਾਨੇ – ਸ਼ਹੀਦ ਊਧਮ ਸਿੰਘ

TeamGlobalPunjab
3 Min Read

-ਅਵਤਾਰ ਸਿੰਘ 

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਮਾਤਾ ਨਰੈਣੀ ਉਰਫ ਹਰਨਾਮ ਕੌਰ ਤੇ ਪਿਤਾ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਹੋਇਆ। ਛੋਟੀ ਉਮਰ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਨਾਲ ਸਿੱਖ ਸੈਂਟਰਲ ਯਤੀਮਖਾਨੇ ਅੰਮ੍ਰਿਤਸਰ ਆ ਗਏ।

ਭਰਾ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਬਸਰੇ ਤੇ ਮੋਬਾਸਾ, ਅਫਰੀਕਾ ਵਿਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜੱਲ੍ਹਿਆਂ ਬਾਗ਼ ਵਾਲੇ ਕਾਂਡ ਨੇ ਉਨ੍ਹਾਂ ਨੂੰ ਝੰਜੋੜਿਆ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਗਦਰ ਪਾਰਟੀ ਦਾ ਮੈਂਬਰ ਬਣੇ।

ਉਨ੍ਹਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ, ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ।

- Advertisement -

ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ, ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ।

ਅਸੀਂ ਇਨਕਲਾਬ ਦੇ ਦਰ ‘ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤੱਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ। ਭਾਵ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟ ਘਸੁਟ ਵਾਲੇ ਨਿਜਾਮ ਦਾ ਅੰਤ।

ਅਦਾਲਤੀ ਰਿਕਾਰਡ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ ਫਰੈਂਕ ਬਰਾਜ਼ੀਲ ਦੇ ਪਾਸਪੋਰਟ ਦਾ ਨੰ 52753 ਹੈ ਜੋ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ‘ਤੇ ਜਾਰੀ ਕੀਤਾ ਗਿਆ ਸੀ। ਪੁਲਿਸ ਕੋਲ ਬਿਆਨ ਦਰਜ ਕਰਾਉਣ ਵੇਲੇ ਉਨ੍ਹਾਂ ਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖਿਆ।

ਫਿਰ ਉਹ ਲੰਡਨ, ਅਮਰੀਕਾ, ਫਰਾਂਸ,ਬੈਲਜੀਅਮ, ਹੰਗਰੀ, ਇਟਲੀ ਜਰਮਨੀ, ਪੋਲੈਂਡ, ਸਵਿਜਟਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲੇ ਗਏ। ਉਥੇ ਗਦਰ ਪਾਰਟੀ ਤੋਂ ਪ੍ਰਭਾਵਤ ਹੋਏ ਅਤੇ ਉਹ ਰੂਸੀ ਬਾਲਸਵਿਕਾਂ ਦੇ ਵੀ ਹਮਾਇਤੀ ਸਨ। ਹਥਿਆਰ ਤੇ ਗਦਰ ਪਰਚਾ ਫੜੇ ਜਾਣ ‘ਤੇ 1927-32 ਪੰਜ ਸਾਲ ਸਜ਼ਾ ਵੀ ਕੱਟੀ। ਉਨ੍ਹਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਦੇਸ਼ ਆਜ਼ਾਦ ਕਰਾਉਣਾ।

ਉਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ਵਿੱਚ ਸਰ ਮਾਈਕਲ ਗਵਰਨਰ ਉਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ। 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਇਸ ਅਮਰ ਸ਼ਹੀਦ ਨੂੰ ਸਲਾਮ।

- Advertisement -

ਸੰਪਰਕ : 78889-73676

Share this Article
Leave a comment