ਜੱਥੇਦਾਰ ਦੇ ਸੁਨੇਹੇ ਦੇ ਕੀ ਮਾਇਨੇ?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਮੌਕੇ ‘ਤੇ ਦਿੱਤੇ ਸੁਨੇਹੇ ‘ਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਆਪਣੇ ਸੁਨੇਹੇ ‘ਚ ਜੱਥੇਦਾਰ ਨੇ ਕਿਹਾ ਹੈ ਕਿ ਕੌਮ ਦੇ ਯੋਧੇ ਤਾਂ ਜੇਲ੍ਹਾਂ ‘ਚ ਬੈਠੇ ਹਨ ਪਰ ਅਸੀਂ ਕਬਜ਼ਿਆਂ ਦੀ ਲੜਾਈ ਲੜ੍ਹ ਰਹੇ ਹਾਂ।ਇਸ ਬਾਰੇ ਕੋਈ ਦੋਰਾਏ ਨਹੀਂ ਹੈ ਕਿ ਜੱਥੇਦਾਰ ਵਲੋਂ ਕੌਮ ਦੇ ਨਾਮ ਦਿੱਤਾ ਗਿਆ ਸੁਨੇਹਾ ਅਹਿਮੀਅਤ ਰਖਦਾ ਹੈ ਪਰ ਸੁਆਲ ਤਾਂ ਇਹ ਵੀ ਉਠਦਾ ਹੈ ਕਿ ਕੀ ਕੇਵਲ ਬਿਆਨਬਾਜ਼ੀ ਨਾਲ ਜੇਲ੍ਹਾਂ ਅੰਦਰ ਬੈਠੇ ਬੰਦੀ ਸਿੰਘ ਰਿਹਾਅ ਹੋ ਜਾਣਗੇ।ਇਸ ਤੋਂ ਪਹਿਲਾਂ ਵੱਖ-ਵੱਖ ਸਿੱਖ ਜੱਥੇਬੰਦੀਆਂ ਨੇ ਸਿਰ ਜੋੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਸਰਕਾਰ ਵਿਰੁੱਧ ਲੜਾਈ ਲੜਨ ਦਾ ਫੈਸਲਾ ਲਿਆ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੱਤਰ ਵੀ ਲਿਖਿਆ ਸੀ ਅਤੇ ਇਸ ਮਾਮਲੇ ‘ਚ ਮੁਲਾਕਾਤ ਲਈ ਸਮਾਂ ਵੀ ਮੰਗਿਆ ਸੀ।ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਦੀਵਾਲੀ ਦੇ ਮੌਕੇ ‘ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿਤਾ ਜਾਵੇ।ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮੀਸ਼ਨਰ ਨੂੰ ਯਾਦ ਪੱਤਰ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰ ਦਿਤਾ ਗਿਆ ਸੀ।

ਹੁਣ ਜਦੋਂ ਕਿ 9 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਜਨਰਲ ਹਾਊਸ ਅਹੁੱਦੇਦਾਰਾਂ ਦੀ ਸਲਾਨਾ ਚੋਣ ਲਈ ਬੁਲਾਇਆ ਗਿਆ ਹੈ ਤਾਂ ਕੀ ਇਹ ਹਾਊਸ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਉਲੀਕੇਗਾ? ਅਕਸਰ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਸਿੰਖਾਂ ਦੀ ਮਿੰਨੀ ਪਾਰਲੀਮੈਂਟ ਹੈ ਤਾਂ ਕੀ ਇਹ ਪਾਰਲੀਮੈਂਟ ਮਾਨਵੀ ਹੱਕਾਂ ਨਾਲ ਜੁੜੇ ਇਸ ਵੱਡੇ ਮੁੱਦੇ ‘ਤੇ ਕੇਂਦਰ ਉਪਰ ਦਬਾਅ ਬਨਾਉਣ ਲਈ ਕੋਈ ਫੈਸਲਾ ਲਵੇਗੀ? ਜੱਥੇਦਾਰ ਨੇ ਇਹ ਤਾਂ ਸਹੀ ਕਿਹਾ ਹੈ ਕਿ ਜੋਯੇ ਜੇਲ੍ਹਾਂ ‘ਚ ਬੈਠੇ ਹਨ ਅਤੇ ਅਸੀਂ ਕਬਜ਼ਿਆਂ ਦੀ ਲੜਾਈ ਲੜ੍ਹ ਰਹੇ ਹਾਂ ਪਰ ਕੀ ਇਹ ਸੁਨੇਹਾ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਜਨਰਲ ਹਾਊਸ ‘ਤੇ ਵੀ ਲਾਗੂ ਹੋਵੇਗਾ? ਇਹ ਸਪਸ਼ਟ ਹੈ ਕਿ ਇਸ ਜਨਰਲ ਹਾਊਸ ਨੇ ਐਕਟ ਅਨੁਸਾਰ ਅਗਲੇ ਇਕ ਸਾਲ ਲਈ ਪ੍ਰਧਾਨ ਅਤੇ ਦੂਜੇ ਅਹੁਦੇਦਾਰਾਂ ਦੀ ਚੋਣ ਕਰਨੀ ਹੈ। ਇਸ ਚੋਣ ਲਈ ਮੌਜੂਦਾ ਪ੍ਰਧਾਨ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਂ ਮੀਡੀਆ ਦੇ ਅੰਦਰ ਖੁਲ੍ਹ ਕੇ ਚਰਚਾ ‘ਚ ਹਨ। ਹੁਣ ਵੇਖਿਆ ਇਹ ਜਾਵੇਗਾ ਕਿ ਪ੍ਰਧਾਨਗੀ ਦੀ ਚੋਣ ਲਈ ਉਮੀਦਵਾਰ ਕਿਸ ਢੰਗ ਨਾਲ ਸਾਹਮਣੇ ਆਉਂਦੇ ਹਨ ਅਤੇ ਇਸ ਅਹੁਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰਾਂ ਵਲੋਂ ਕਿਵੇਂ ਦਾ ਵਤੀਰਾ ਅਪਣਾਇਆ ਜਾਂਦਾ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਜਨਰਲ ਹਾਊਸ ਪ੍ਰਧਾਨ ਅਤੇ ਦੂਜੇ ਅਹੁੱਦੇਦਾਰਾਂ ਲਈ ਚੋਣ ਨੂੰ ਲੈ ਕੇ ਸੀਮਿਤ ਰਹਿ ਜਾਵੇਗਾ? ਕੀ ਇਹ ਜਨਰਲ ਹਾਊਸ ਕੇਵਲ ਰਵਾਇਤੀ ਤੌਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾ ਕੇ ਉੱਠ ਜਾਵੇਗਾ ।ਇਸ ਤੋਂ ਵੀ ਵੱਡਾ ਇਹ ਸਵਾਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਨਾਲ ਜੁੜੇ ਇਸ ਵੱਡੇ ਮੁੱਦੇ ਤੋਂ ਨਿਰਲੇਪ ਕਿਉਂ ਰੱਖ ਰਿਹਾ ਹੈ।ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਜਨਰਲ ਹਾਊਸ ‘ਚ ਸ਼ਮੂਲੀਅਤ ਵੀ ਹੋਵੇਗੀ ਤਾਂ ਇਹ ਹੋਰ ਵੀ ਅਹਿਮ ਹੋ ਜਾਵੇਗਾ ਕਿ ਕੀ ਇਹ ਸੁਨੇਹਾ ਰਵਾਇਤੀ ਬਿਆਨਬਾਜ਼ੀ ਤੋਂ ਉੱਪਰ ਕੋਈ ਅਰਥ ਰਖਦਾ ਹੈ? ਇਸ ਦਾ ਨਿਬੇੜਾ ਵੀ ਆਉਣ ਵਾਲੇ ਜਨਰਲ ਹਾਊਸ ‘ਚ ਹੋ ਜਾਵੇਗਾ।ਨਿਬੇੜਾ ਤਾਂ ਇਹ ਵੀ ਹੋ ਜਾਵੇਗਾ ਕਿ ਇਸ ਭਾਵੁਕ ਅਤੇ ਮਾਨਵੀ ਮੁੱਦੇ ‘ਤੇ ਰਾਜਸੀ ਰੋਟੀਆਂ ਕੌਣ ਸੇਕ ਰਿਹਾ ਹੈ?

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment