ਅਜਨਾਲਾ : ਪੰਜਾਬ ਵਿੱਚ ਜਿੱਥੇ ਇੱਕ ਪਾਸੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਅਤੇ ਇੱਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਵੀ ਚੱਲ ਰਹੀਆਂ ਹਨ ਉੱਥੇ ਇਸ ਮਾਹੌਲ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਕਾਫਲੇ ‘ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਬੋਨੀ ਵੱਲੋਂ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਖੁਲਾਸੇ ਕੀਤੇ ਗਏ ਸਨ ਅਤੇ ਇਹ ਦੋਸ਼ ਹੈ ਕਿ ਇਹ ਹਮਲਾ ਨਾਜਾਇਜ਼ ਮਾਇਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਵਿਅਕਤੀਆਂ ਨੇ ਕੀਤਾ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਦੋ ਕਾਰਾਂ ਵੀ ਨੁਕਸਾਨੀਆਂ ਗਈਆਂ ਦੱਸੀਆਂ ਜਾਂਦੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਦੌਰਾਨ ਹਮਲਾਵਰਾਂ ਨੇ ਕਈ ਹੋਰ ਕਾਰਾਂ ‘ਤੇ ਵੀ ਹਮਲਾ ਕੀਤਾ ਜਿਸ ਦੌਰਾਨ ਉਨ੍ਹਾਂ ਦੀ ਬੋਨੀ ਦੇ ਸਮਰਥਕਾਂ ਨਾਲ ਵੀ ਝੜੱਪ ਹੋ ਗਈ ਅਤੇ ਕਈ ਸੀਨੀਅਰ ਆਗੂਆਂ ਅਤੇ ਸਮਝਦਾਰ ਵਿਅਕਤੀਆਂ ਨੇ ਵਿੱਚ ਪੈ ਕੇ ਇਹ ਝੜੱਪ ਤਾਂ ਰੋਕ ਦਿੱਤੀ ਪਰ ਹਮਲਾਵਰਾਂ ਨੇ ਚਲਦੀਆਂ ਗੱਡੀਆਂ ‘ਤੇ ਹਮਲਾ ਜਾਰੀ ਰੱਖਿਆ।
ਦੱਸਣਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਪਰਿਵਾਰ ‘ਤੇ ਵੀ ਮਾਇਨਿੰਗ ਕਰਨ ਵਾਲਿਆਂ ਵੱਲੋਂ ਹਮਲਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਅਤੇ ਇੱਥੇ ਹੀ ਬੱਸ ਨਹੀਂ ਇਸ ਦੌਰਾਨ ਇੱਕ ਮਹਿਲਾ ਦੇ ਜ਼ਖਮੀ ਹੋ ਜਾਣ ਦੀ ਗੱਲ ਵੀ ਕਹੀ ਗਈ ਸੀ। ਇਸ ਤੋਂ ਬਾਅਦ ਕਥਿਤ ਇਸ ਪਰਿਵਾਰ ਨੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਖਿਲਾਫ ਅਵਾਜ਼ ਉਠਾਈ ਤਾਂ ਬੋਨੀ ਦਾ ਇਹ ਦੋਸ਼ ਸੀ ਕਿ ਕਾਂਗਰਸ ਸਰਕਾਰ ਦੇ ਮੰਤਰੀ ਹੀ ਨਾਜਾਇਜ਼ ਮਾਈਨਿੰਗ ਕਰਵਾਉਂਦੇ ਹਨ ਅਤੇ ਇਸ ਵਿੱਚ ਇੱਕ ਮੰਤਰੀ ਦੀ ਸ਼ਹਿ ਹੈ।