ਹੈਲੋਵੀਨ ਪਾਰਟੀ ‘ਚ ਮਚੀ ਭਗਦੜ ਤੋਂ ਬਾਅਦ ਘੱਟੋ-ਘੱਟ 151 ਲੋਕਾਂ ਦੀ ਮੌਤ, 150 ਜ਼ਖਮੀ

Rajneet Kaur
3 Min Read

ਸਿਓਲ:ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਇਟਾਵੋਨ ਜ਼ਿਲੇ ‘ਚ ਹੈਲੋਵੀਨ ਦੇ ਜਸ਼ਨ ‘ਚ ਸ਼ਾਮਲ ਹੋਏ ਲੋਕਾਂ ਦੇ ਵੱਡੇ ਇਕੱਠ ‘ਚ ਇਕ ਪਾਰਟੀ ਦੌਰਾਨ ਮਚੀ ਭਗਦੜ ‘ਚ ਘੱਟੋ-ਘੱਟ 151 ਲੋਕਾਂ ਦੀ ਮੌਤ ਹੋ ਗਈ ਅਤੇ 150 ਹੋਰ ਜ਼ਖਮੀ ਹੋ ਗਏ ਹਨ। ਹੈਲੋਵੀਨ ਦੌਰਾਨ ਮਚੀ ਭਗਦੜ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਘਟਨਾਕ੍ਰਮ ਦੀ ਜਾਂਚ ਦੇ ਆਦੇਸ਼ ਦਿੰਦੇ ਹੋਏ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ। ਚਸ਼ਮਦੀਦਾਂ ਦੇ ਅਨੁਸਾਰ, ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਮਸ਼ਹੂਰ ਨਾਈਟ ਲਾਈਫ ਜ਼ਿਲ੍ਹੇ ਦੇ ਹੈਮਿਲਟਨ ਹੋਟਲ ਦੇ ਨੇੜੇ ਇੱਕ ਤੰਗ ਢਲਾਣ ਵਾਲੀ ਗਲੀ ‘ਤੇ ਵਾਪਰਿਆ, ਜਦੋਂ ਪਾਰਟੀ ਭੀੜ ਨਾਲ ਭਰੀ ਹੋਈ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਲੋਕ ਇੱਕ ਗਲੀ ਵਿੱਚ ਮੌਜੂਦ ਸਨ ਤਾਂ ਅਚਾਨਕ ਲੋਕਾਂ ਦੇ ਇੱਕ ਸਮੂਹ ਨੇ ਇੱਕ ਸੈਲੀਬ੍ਰਿਟੀ ਨੂੰ ਦੇਖਿਆ। ਇਸ ਤੋਂ ਬਾਅਦ ਇਹ ਸਮੂਹ ਬਾਰ ਵੱਲ ਭੱਜਣ ਲੱਗਾ ਅਤੇ ਦੇਖਦੇ ਹੀ ਦੇਖਦੇ ਭਗਦੜ ਮਚ ਗਈ। ਇਹ ਸੈਲੀਬ੍ਰਿਟੀ ਗਲੀ ਦੇ ਆਲੇ-ਦੁਆਲੇ ਕਿਸੇ ਜਗ੍ਹਾ ‘ਤੇ ਮੌਜੂਦ ਸੀ। ਉਸ ਨੂੰ ਦੇਖ ਕੇ ਲੋਕ ਪਾਗਲ ਹੋ ਗਏ ਅਤੇ ਫਿਰ ਉਨ੍ਹਾਂ ਦਾ ਪਾਗਲਪਨ ਹੀ ਇਸ ਹਾਦਸੇ ਦਾ ਕਾਰਨ ਬਣ ਗਿਆ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਿਸ ਗਲੀ ਵਿਚ ਭਗਦੜ ਹੋਈ ਸੀ, ਉਹ ਸਿਰਫ ਚਾਰ ਮੀਟਰ ਚੌੜੀ ਹੈ। ਇਹ ਗਲੀ ਏਨੀ ਤੰਗ ਹੈ ਕਿ ਇੱਥੇ ਸੇਡਾਨ ਕਾਰ ਖੜੀ ਕਰਨੀ ਵੀ ਮੁਸ਼ਕਿਲ ਹੈ। ਜਿਵੇਂ-ਜਿਵੇਂ ਭੀੜ ਇੱਕ ਦੂਜੇ ਨੂੰ ਧੱਕਣ ਲੱਗੀ, ਲੋਕ ਇੱਕ ਦੂਜੇ ‘ਤੇ ਡਿੱਗਣ ਲੱਗੇ। ਇਸ ਤੋਂ ਬਾਅਦ ਲੋਕਾਂ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।

- Advertisement -

ਸਥਾਨਕ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਥਾਂ-ਥਾਂ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਹਨ। ਰਾਸ਼ਟਰਪਤੀ ਯੂਨ ਸੁਕ ਯੋਲ ਦੁਆਰਾ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਾਨ ‘ਤੇ ਭੇਜਣ ਦਾ ਆਦੇਸ਼ ਦਿੱਤਾ ਗਿਆ ਸੀ। ਘਟਨਾ ਵਾਲੀ ਥਾਂ ‘ਤੇ ਐਮਰਜੈਂਸੀ ਮੈਡੀਕਲ ਸਟੇਸ਼ਨ ਤਿਆਰ ਕੀਤਾ ਗਿਆ ਸੀ। ਇਸ ਘਟਨਾ ਵਿੱਚ 19 ਵਿਦੇਸ਼ੀ ਵੀ ਮਾਰੇ ਗਏ ਜੋ ਈਰਾਨ, ਉਜ਼ਬੇਕਿਸਤਾਨ, ਚੀਨ ਅਤੇ ਨਾਰਵੇ ਦੇ ਨਾਗਰਿਕ ਸਨ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment