Breaking News

ਸ੍ਰੀ ਹਰਿਮੰਦਰ ਸਾਹਿਬ ‘ਚ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਹੁਣ ਤੱਕ ਟਾਈਟਲਰ ਨੂੰ ਕਾਂਗਰਸ ‘ਚੋਂ ਨਹੀਂ ਕੱਢਿਆ ਗਿਆ: ਸ਼ੇਰਗਿੱਲ

ਚੰਡੀਗੜ੍ਹ/ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਦਾਖ਼ਲੇ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਯਾਤਰਾ ਦਾ ਇੱਕੋ ਇੱਕ ਸੰਦੇਸ਼ ਨਫ਼ਰਤ, ਭਾਰਤ ਵਿਰੋਧੀ ਭਾਵਨਾ ਨੂੰ ਫੈਲਾਉਣਾ ਅਤੇ ਸਿਆਸੀ ਨਿਰਾਸ਼ਾ ਹੈ।
ਇੱਕ ਤਿੱਖੇ ਬਿਆਨ ਵਿੱਚ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਸਿੱਖ ਵਿਰੋਧੀ ਭਾਵਨਾ ਖਤਮ ਨਹੀਂ ਹੋਈ ਹੈ। ਸਗੋਂ ਸਮੇਂ ਦੇ ਬੀਤਣ ਨਾਲ ਹੋਰ ਵੱਧੀ ਹੀ ਹੈ।

ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਸਿੱਖ ਕੌਮ ਦਾ ਸਨਮਾਨ ਕਰ ਰਹੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਿਆਂ 26 ਦਸੰਬਰ (ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ) ਨੂੰ ‘ਵੀਰ ਬਾਲ ਦਿਵਸ’ ਵਜੋਂ ਸਮਰਪਿਤ ਕੀਤਾ ਗਿਆ ਹੈ, ਸ੍ਰੀ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੰਗ-ਗ੍ਰਸਤ ਅਫਗਾਨਿਸਤਾਨ ਤੋਂ ਸਹੀ ਸਲਾਮਤ ਲਿਆਂਦਾ ਗਿਆ ਹੈ। ਦੂਜੇ ਪਾਸੇ, ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੀ ਤਿਆਰੀ ਲਈ ਬੁਲਾਈ ਗਈ ਮੀਟਿੰਗ ਵਿਚ 1984 ਦੇ ਸਿੱਖ ਕਤਲੇਆਮ ਲਈ ਜਿੰਮੇਵਾਰ ਜਗਦੀਸ਼ ਟਾਈਟਲਰ ਵਰਗੇ ਲੋਕਾਂ ਨੂੰ ਸੱਦਾ ਦੇ ਕੇ ਅਤੇ ਉਸਨੂੰ ਦਿੱਲੀ ਨਗਰ ਨਿਗਮ ਚੋਣਾਂ ਲਈ ਚੋਣ ਕਮੇਟੀ ਦਾ ਮੈਂਬਰ ਬਣਾ ਕੇ ਬੇਸ਼ਰਮੀ ਨਾਲ ਤੇ ਖੁਲ੍ਹੇਆਮ ਉਸਦੀ ਤਾਜਪੋਸ਼ੀ ਕੀਤੀ ਹੈ। ਸਿੱਖ ਵਿਰੋਧੀ ਹੋਣਾ ਹੀ ਕਾਂਗਰਸ ਪਾਰਟੀ ਦਾ ਅਸਲ ਕਿਰਦਾਰ ਹੈ।

ਸ਼ੇਰਗਿੱਲ ਨੇ ਇਸ ਯਾਤਰਾ ਨੂੰ ਪੂਰੀ ਤਰ੍ਹਾਂ ‘ਦਿਸ਼ਾ ਹੀਣ’ ਅਤੇ ਰਾਹੁਲ ਗਾਂਧੀ ਵੱਲੋਂ ਸੱਤਾ ਦੇ ਲਾਲਚ ਵਿੱਚ ਆਪਣੀ ਬਿਆਨਬਾਜ਼ੀ ਅਤੇ ਨਾਟਕਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ‘ਨਿਰਾਸ਼ਾਜਨਕ ਕੋਸ਼ਿਸ਼’ ਕਰਾਰ ਦਿੰਦਿਆਂ, ਕਿਹਾ ਕਿ ਪੰਜਾਬ ਦੇ ਲੋਕ ਇਹ ਨਹੀਂ ਭੁੱਲੇ ਹਨ ਕਿ ਕਿਵੇਂ ਕਾਂਗਰਸ ਨੇ ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ (ਸ੍ਰੀ ਹਰਿਮੰਦਰ ਸਾਹਿਬ) ਨੂੰ ਟੈਂਕਾਂ ਅਤੇ ਮੋਰਟਾਰਾਂ ਨਾਲ ਢਾਹ ਦਿੱਤਾ ਗਿਆ ਸੀ।

ਸ਼ੇਰਗਿੱਲ ਨੇ ਕਿਹਾ ਕਿ ਸਾਲ 1984 ਵਿੱਚ ਜੋ ਵੀ ਵਾਪਰਿਆ ਉਹ ਸਿੱਖ ਵਿਰੋਧੀ ਦੰਗੇ ਨਹੀਂ ਸਨ, ਸਗੋਂ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਸੀ ਅਤੇ ਸਿੱਖ ਕੌਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਕਾਂਗਰਸ ਲਗਾਤਾਰ 1984 ਦੇ ਖੂਨ-ਖਰਾਬੇ ਦੇ ਦੋਸ਼ੀਆਂ (ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ) ਦੀ ਤਾਜਪੋਸ਼ੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਿ ਕਾਂਗਰਸ ਨੇ ਸਿੱਖ ਕੌਮ ਨੂੰ ਅਲੱਗ-ਥਲੱਗ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ, ਇਸ ਲਈ ਰਾਹੁਲ ਨੂੰ ਪੰਜਾਬ ਵਿੱਚ ਯਾਤਰਾ ਕੱਢਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸ਼ੇਰਗਿੱਲ ਨੇ ਪੰਜਾਬ ਦੇ ਲੋਕਾਂ ਨੂੰ ਯਾਤਰਾ ਦਾ ਮੁਕੰਮਲ ਬਾਈਕਾਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਹੁਲ ਗਾਂਧੀ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਹੁਣ ਤੱਕ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚੋਂ ਨਹੀਂ ਕੱਢਿਆ ਗਿਆ ਹੈ।
ਸ਼ੇਰਗਿੱਲ ਨੇ ਕਾਂਗਰਸ ‘ਤੇ ਹਮਲਾ ਜਾਰੀ ਰੱਖਦੇ ਹੋਏ ਅੱਗੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਤੋਂ ਹੀ ਸਮਾਜ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਕਾਂਗਰਸ ਨੇ ‘ਖਾਖੀ ਸ਼ਾਰਟਸ’ ਸਾੜਨ ਦੀਆਂ ਵਾਇਰਲ ਤਸਵੀਰਾਂ ਜਾਰੀ ਕੀਤੀਆਂ। ਇਸ ਤੋਂ ਬਾਅਦ ਦੂਸਰਾ ਨਿੰਦਣਯੋਗ ਕੰਮ ਸੀ, ਰਾਹੁਲ ਗਾਂਧੀ ਦੀ ਰੋਮਨ ਕੈਥੋਲਿਕ ਪਾਦਰੀ ਜਾਰਜ ਪੋਨਈਆ ਨਾਲ ਮੁਲਾਕਾਤ, ਜਿਨ੍ਹਾਂ ਨੇ ਹਮੇਸ਼ਾ ਭਾਰਤ ਵਿਰੁੱਧ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਹਿੰਦੂ ਦੇਵੀ-ਦੇਵਤਿਆਂ ਦੇ ਅਕਸ ਨੂੰ ਦਾਗਦਾਰ ਕੀਤਾ ਹੈ। ਇਹ ਜਾਰਜ ਪੋਨਈਆ ਸਨ, ਜਿਨ੍ਹਾਂ ਨੇ ਕਿਹਾ ਸੀ, ‘ਅਸੀਂ ਜੁੱਤੀ ਪਾਉਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਭਾਰਤ ਮਾਤਾ ਦੀ ਅਸ਼ੁੱਧਤਾ ਨਾਲ ਦੂਸ਼ਿਤ ਨਹੀਂ ਹੋਣਾ ਚਾਹੀਦਾ ਹੈ। ਤੀਜਾ, ਜਗਦੀਸ਼ ਟਾਈਟਲਰ ਵਰਗੇ ਲੋਕਾਂ ਦੀ ਤਾਜਪੋਸ਼ੀ ਕਰਨਾ, ਜਿਸ ਬਾਰੇ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ।

ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਚੀਨ ਪੱਖੀ ਹੈ ਅਤੇ ਰਾਹੁਲ ਗਾਂਧੀ ਦਾ ਬਿਆਨ ਕਿ ਚੀਨੀ ਸੈਨਿਕ ਸਾਡੇ ਸੈਨਿਕਾਂ ਨੂੰ ਕੁੱਟ ਰਹੇ ਹਨ, ਚੀਨ ਦੇ ਇਸ ਦਾਅਵੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਕਿ ਚੀਨੀ ਸੈਨਿਕਾਂ ਦਾ ਭਾਰਤੀ ਸੈਨਿਕਾਂ ‘ਤੇ ਪਲੜਾ ਭਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਚੀਨ ਨੂੰ ਚੜ੍ਹਤ ਦੇਣ ਲਈ ਰਾਹੁਲ ਗਾਂਧੀ ਨੇ ਭਾਰਤ ਦੇ ਘਰੇਲੂ ਮੁੱਦਿਆਂ ਨੂੰ ਚੀਨ ਦੀ ਘੁਸਪੈਠ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਭਾਰਤ ਇੱਕ ਵਿਜਨ ਤੋਂ ਬਿਨਾਂ ਇੱਕ ਉਲਝਿਆ ਹੋਇਆ ਦੇਸ਼ ਹੈ, ਜੋ ਸਿਰਫ ਉਨ੍ਹਾਂ ਦੀ ਸਿਆਸੀ ਨਿਰਾਸ਼ਾ ਨੂੰ ਦਰਸਾਉਂਦਾ ਹੈ।

ਕਾਂਗਰਸ ਪਾਰਟੀ ‘ਤੇ ਚੁਟਕੀ ਲੈਂਦਿਆਂ, ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੂੰ ਵਿਅਸਤ ਰੱਖਣ ਲਈ ਮਹਿੰਗਾ ਪੀਆਰ ਸਟੰਟ ਤੋਂ ਇਲਾਵਾ ਕੁਝ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਹੀਂ ਮਿਲੇਗਾ।

Check Also

ਬੰਦੀ ਸਿੰਘਾ ਦੀ ਰਿਹਾਈ ਲਈ ਚੰਡੀਗੜ੍ਹ ‘ਚ ਹੋਇਆ ਲੱਖਾਂ ਦਾ ਇਕੱਠ

ਮੋਹਾਲੀ: ਕੌਮੀ ਇਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ …

Leave a Reply

Your email address will not be published. Required fields are marked *