ਧੇਮਜੀ: ਅਸਾਮ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਵਰਗੇ ਹਾਲਾਤ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸਭ ਤੋਂ ਵੱਧ ਅਸਰ ਧੇਮਜੀ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਸਿਮੇਨ ਦਰਿਆ ‘ਤੇ ਬਣਿਆ ਰੇਲਵੇ ਪੁਲ ਟੁੱਟ ਗਿਆ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ। ਲਗਾਤਾਰ ਮੀਂਹ ਕਾਰਨ ਹੜ੍ਹ ਦਾ ਪਾਣੀ ਕਈ ਪਿੰਡਾਂ ਤੱਕ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਜ਼ਾਰਾਂ ਲੋਕ ਪ੍ਰਭਾਵਿਤ, ਪਿੰਡਾਂ ਵਿੱਚ ਭਰਿਆ ਪਾਣੀ
ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਅਨੁਸਾਰ, ਅਸਾਮ ਦੇ ਛੇ ਜ਼ਿਲ੍ਹਿਆਂ ਦੇ 22 ਹਜ਼ਾਰ ਤੋਂ ਵੱਧ ਲੋਕ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਡਿਬਰੂਗੜ੍ਹ, ਲਖੀਮਪੁਰ, ਕੋਕਰਾਝਾਰ, ਚਿਰਾਂਗ, ਨਲਬਾੜੀ ਅਤੇ ਧੇਮਜੀ ਵਿੱਚ ਹਾਲਾਤ ਗੰਭੀਰ ਹਨ। ਇਨ੍ਹਾਂ ਵਿੱਚ ਧੇਮਜੀ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ 15 ਹਜ਼ਾਰ ਤੋਂ ਵੱਧ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਹੁਣ ਤੱਕ 96 ਪਿੰਡਾਂ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਅਤੇ 1690 ਹੈਕਟੇਅਰ ਫਸਲ ਨੂੰ ਨੁਕਸਾਨ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਹਾਲਾਤ ‘ਤੇ ਨਜ਼ਰ ਰੱਖਣ ਦੀ ਗੱਲ ਕਹੀ
ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਧੇਮਜੀ ਦੇ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਦੋ ਮੰਤਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਸਰਕਾਰ ਦਾ ਧਿਆਨ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਅਤੇ ਮੁੜ ਵਸੇਬੇ ‘ਤੇ ਕੇਂਦਰਿਤ ਹੈ।
Since the flood situation has unfolded in Dhemaji, I've been closely monitoring the situation.
We are deeply saddened by the impact it has had on the lives of our people and in this difficult time, we firmly stand with them.
We are deploying a whole of government approach and… pic.twitter.com/4XJGzy0PFI
— Himanta Biswa Sarma (@himantabiswa) June 28, 2026
60 ਸਾਲ ਪੁਰਾਣਾ ਪੁਲ ਟੁੱਟਣ ਨਾਲ ਰੇਲ ਸੇਵਾ ਪ੍ਰਭਾਵਿਤ
ਨੌਰਥ ਈਸਟ ਫਰੰਟੀਅਰ ਰੇਲਵੇ ਅਨੁਸਾਰ, ਅਰਚੀਪਾਥਰ ਅਤੇ ਸਿਮੇਨ ਚਪਰੀ ਸਟੇਸ਼ਨਾਂ ਦਰਮਿਆਨ ਰੇਲ ਸੇਵਾ ਰੋਕਣੀ ਪਈ ਹੈ। ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਕਾਰਨ ਮਿੱਟੀ ਦਾ ਕਟਾਅ ਹੋਇਆ, ਜਿਸ ਨਾਲ ਪੁਲ ਦੇ ਨੇੜੇ ਜ਼ਮੀਨ ਖਿਸਕ ਗਈ ਅਤੇ ਪੁਲ ਨੁਕਸਾਨਗ੍ਰਸਤ ਹੋ ਗਿਆ। ਚੰਗੀ ਗੱਲ ਇਹ ਰਹੀ ਕਿ ਪਹਿਲਾਂ ਹੀ ਰੇਲ ਆਵਾਜਾਈ ਰੋਕ ਦਿੱਤੀ ਗਈ ਸੀ, ਜਿਸ ਕਾਰਨ ਕੋਈ ਹਾਦਸਾ ਨਹੀਂ ਹੋਇਆ।
ਯਾਤਰੀਆਂ ਲਈ ਵਿਕਲਪਕ ਪ੍ਰਬੰਧ
ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਬੱਸਾਂ ਦੀ ਵਿਵਸਥਾ ਕੀਤੀ ਹੈ ਅਤੇ ਧੇਮਜੀ, ਸਿਲਾਪਾਥਰ ਅਤੇ ਮੁਰਕੋਂਗਸੇਲੇਕ ਵਿੱਚ ਹੈਲਪ ਡੈਸਕ ਵੀ ਬਣਾਏ ਹਨ।

