ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ‘ਤੇ ਜਿੱਥੇ ਦੇਸ਼ ਭਰ ਦੇ ਸੂਬਾਈ ਅਤੇ ਜ਼ਿਲਾ ਦਫਤਰਾਂ ‘ਚ ਜਸ਼ਨ ਮਨਾਏ ਗਏ, ਉਥੇ ਹੀ, ਬੁੱਧਵਾਰ ਨੂੰ, ਮੋਹਾਲੀ ਵਿੱਚ ਵੀ ਇਸ ਮੀਲਪੱਥਰ ਨੂੰ ਮਨਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ‘ਆਪ’ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਜ਼ ਨਾਲ ਮਿਲ ਕੇ ਜਸ਼ਨ ਮਨਾਇਆ।
ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਿਆਂ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ‘ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਦੇ ਪਿਆਰ ਅਤੇ ਵਿਸ਼ਵਾਸ ਨੇ ਹੀ ਪਾਰਟੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।
ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਸਾਰੇ ਰਾਜਾਂ ਵਿੱਚ ਆਸਾਨੀ ਨਾਲ ਚੋਣਾਂ ਲੜ ਸਕੇਗੀ। ‘ਝਾੜੂ’ ਨੂੰ ਦੇਸ਼ ਭਰ ‘ਚ ‘ਆਪ’ ਪਾਰਟੀ ਦੇ ਚੋਣ ਨਿਸ਼ਾਨ ਵਜੋਂ ਮਾਨਤਾ ਮਿਲੀ ਹੈ। ਮੰਤਰੀ ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਹੁਣ ਪਾਰਟੀ ਅਤੇ ਇਸ ਦੀ ਭ੍ਰਿਸ਼ਟਾਚਾਰ ਵਿਰੋਧੀ ਵਿਚਾਰਧਾਰਾ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗੀ। ਜਲਦੀ ਹੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ। ਕੇਜਰੀਵਾਲ ਦੇ ਰੂਪ ਵਿੱਚ ਸਾਡੇ ਦੇਸ਼ ਨੂੰ ਇੱਕ ਪੜ੍ਹਿਆ-ਲਿਖਿਆ ਅਤੇ ਲੋਕ ਪੱਖੀ ਨੇਤਾ ਮਿਲੇਗਾ।
ਦੂਜੇ ਪਾਸੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਹੋਰ ਸਿਆਸੀ ਪਾਰਟੀਆਂ ਲੋਕਾਂ ਦੇ ਮਨਾਂ ਤੋਂ ਲਹਿ ਰਹੀਆਂ ਹਨ, ਪਰ ਆਮ ਆਦਮੀ ਪਾਰਟੀ ਆਪਣੀਆਂ ਲੋਕ ਪੱਖੀ ਨੀਤੀਆਂ ਕਾਰਨ ਵਧ-ਫੁੱਲ ਰਹੀ ਹੈ ਅਤੇ ਤੇਜ਼ੀ ਨਾਲ ਅੱਗੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਾਰੇ ਸੂਬਿਆਂ ਦੇ ਲੋਕ ‘ਆਪ’ ਵੱਲ ਇੱਕ ਉਮੀਦ ਦੀ ਕਿਰਨ ਵਾਂਗ ਦੇਖ ਰਹੇ ਹਨ ਅਤੇ ਰਵਾਇਤੀ ਸਿਆਸੀ ਪਾਰਟੀਆਂ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰਨ ਲਈ ਤਿਆਰ ਹਨ।
ਬਰਸਟ ਨੇ ਕਿਹਾ ਕਿ ਇਹ ਇੱਕ ਅਸਧਾਰਨ ਮੀਲ ਪੱਥਰ ਹੈ। ‘ਆਪ’ ਦੇ ਗੁਜਰਾਤ ਅਤੇ ਗੋਆ ਵਿੱਚ ਵਿਧਾਇਕ ਹਨ, 10 ਰਾਜ ਸਭਾ ਹਨ, ਸਿਰਫ 10 ਸਾਲਾਂ ਵਿੱਚ ਦੋ ਰਾਜਾਂ ਵਿੱਚ ਸਰਕਾਰ ਬਣਾਈ ਅਤੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕੀਤਾ।