ਖੇਤੀਬਾੜੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਧਰਨਾਕਾਰੀ ਮੁਲਾਜ਼ਮਾਂ ਨੂੰ ਗੱਲਬਾਤ ਦੀ ਕੀਤੀ ਅਪੀਲ

TeamGlobalPunjab
8 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਪੀ.ਏ.ਯੂ. ਦੇ ਧਰਨਾਕਾਰੀ ਮੁਲਾਜ਼ਮਾਂ ਨੂੰ ਗੱਲਬਾਤ ਦੀ ਅਪੀਲ ਕੀਤੀ । ਸਮੁੱਚੇ ਸਟਾਫ ਨੂੰ ਆਨਲਾਈਨ ਸੰਬੋਧਨ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਜਾਂ ਕੋਈ ਵੀ ਸੰਸਥਾਂ ਇੱਕ ਪਰਿਵਾਰ ਵਾਂਗ ਹੁੰਦੀ ਹੈ । ਜਿਸ ਤਰ੍ਹਾਂ ਪਰਿਵਾਰ ਦੇ ਜੀਆਂ ਦੇ ਵਿਚਾਰ ਇੱਕ ਦੂਜੇ ਨਾਲੋਂ ਭਿੰਨ ਹੋ ਸਕਦੇ ਹਨ ਉਸੇ ਤਰ੍ਹਾਂ ਸੰਸਥਾਂ ਵਿੱਚ ਵੀ ਇੱਕ ਤੋਂ ਵਿਰੋਧੀ ਵਿਚਾਰਾਂ ਵਾਲੇ ਲੋਕ ਹੁੰਦੇ ਹਨ ਪਰ ਸੰਸਥਾਂ ਦੀ ਬਿਹਤਰੀ ਲਈ ਵਿਚਾਰਾਂ ਨੂੰ ਕਿਸੇ ਸਾਂਝੇ ਸਿੱਟੇ ਤੇ ਲਿਜਾਣਾ ਜ਼ਰੂਰੀ ਹੁੰਦਾ ਹੈ । ਉਹਨਾਂ ਨੇ ਮੁਲਾਜ਼ਮਾਂ ਦੀ ਮੰਗਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਵਿੱਚ 9 ਜੁਲਾਈ 2012 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਜਾਂ ਨਵੀਂ ਨਿਯੁਕਤ ਹੋਏ ਅਮਲੇ ਨੂੰ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਗਈ ਹੈ ਜਦਕਿ ਇਸ ਮੰਗ ਦੀ ਪੂਰਤੀ ਪੰਜਾਬ ਸਰਕਾਰ ਦੀਆਂ ਨੀਤੀਆਂ ਉਪਰ ਨਿਰਭਰ ਕਰਦੀ ਹੈ । ਡਾ. ਢਿੱਲੋਂ ਨੇ ਕਿਹਾ ਕਿ ਨਾਨ-ਟੀਚਿੰਗ ਮੁਲਾਜ਼ਮਾਂ ਵੱਲੋਂ ਅਕਾਊਂਟ ਅਫਸਰ, ਅਸਿਸਟੈਂਟ ਅਡਿਮਿਨਸਟ੍ਰੇਸ਼ਨ-ਕਮ-ਅਕਾਊਂਟ ਅਫਸਰ ਅਤੇ ਸੁਪਰਡੈਂਟ ਦੀਆਂ ਤਰੱਕੀਆਂ ਸੰਬੰਧੀ ਹੁਕਮ ਸਤੰਬਰ ਵਿੱਚ ਜਾਰੀ ਕਰ ਦਿੱਤੇ ਗਏ ਹਨ ਜਦਕਿ ਸੀਨੀਅਰ ਅਸਿਸਟੈਂਟਾਂ ਦੀ ਤਰੱਕੀ ਪ੍ਰਕਿਰਿਆ ਵਿੱਚ ਹੈ । ਡਾ. ਢਿੱਲੋਂ ਨੇ ਕਿਹਾ ਕਿ ਕਲਰਕ ਅਤੇ ਜੂਨੀਅਰ ਅਸਿਸਟੈਂਟਾਂ ਦੀਆਂ 267 ਵਿੱਚੋਂ 140 ਅਸਾਮੀਆਂ ਉਪਰ ਨਿਯੁਕਤੀ ਹੈ ਜੋ 52.4 ਪ੍ਰਤੀਸ਼ਤ ਬਣਦੀ ਹੈ । ਇਸੇ ਤਰ੍ਹਾਂ ਸੀਨੀਅਰ ਅਸਿਸਟੈਂਟਾਂ ਦੀਆਂ 229 ਵਿੱਚੋਂ 165 ਅਸਾਮੀਆਂ ਪੁਰ ਹਨ ਜੋ 73 ਪ੍ਰਤੀਸ਼ਤ ਬਣਦੀਆਂ ਹਨ। ਉਹਨਾਂ ਅੱਗੇ ਕਿਹਾ ਕਿ 22 ਜਨਵਰੀ 2019 ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਐਗਰੀਕਲਚਰ ਫੀਲਡ ਦੀਆਂ 10 ਅਸਾਮੀਆਂ ਪੈਦਾ ਕੀਤੀਆਂ ਗਈਆਂ ਅਤੇ ਭਰੀਆਂ ਗਈਆਂ। ਇਸੇ ਤਰ੍ਹਾਂ ਲੈਬ ਅਟੈਂਡੈਂਟਾਂ ਦੀ ਤਰੱਕੀ ਬਾਰੇ ਵਾਈਸ ਚਾਂਸਲਰ ਨੇ ਪਿਛਲੇ ਸਾਲਾਂ ਵਿੱਚ ਕੀਤੇ ਗਏ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਕਿਹਾ ਕਿ ਇਹ ਸਾਰੇ ਕੰਮ ਸਿਲਸਿਲੇ ਵਾਰ ਢੰਗ ਨਾਲ ਕੀਤੇ ਗਏ ਹਨ ਜਾਂ ਕੀਤੇ ਜਾ ਰਹੇ ਹਨ। ਡਾ. ਢਿੱਲੋਂ ਨੇ ਕਾਰ ਸੁਪਰ ਵਾਈਜ਼ਰਾਂ ਦੀਆਂ ਅਸਾਮੀਆਂ ਦੀ ਪ੍ਰਵਾਨਗੀ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਕਿਹਾ ਕਿ ਪੀ.ਏ.ਯੂ. ਪ੍ਰਸ਼ਾਸ਼ਨ ਵੱਲੋਂ ਮੁਲਾਜ਼ਮਾਂ ਨਾਲ ਹਮਦਰਦੀ ਵਾਲੇ ਰਵੱਈਏ ਨਾਲ ਸੋਚਿਆ ਜਾ ਰਿਹਾ ਹੈ। ਉਹਨਾਂ ਨੇ ਧਰਨਾਕਾਰੀ ਮੁਲਾਜ਼ਮਾਂ ਦੇ ਅੰਦੋਲਨ ਨੂੰ ਗੈਰ ਜ਼ਰੂਰੀ ਕਿਹਾ ਅਤੇ ਯੂਨੀਵਰਸਿਟੀ ਦੀ ਬਿਹਤਰੀ ਲਈ ਗੱਲਬਾਤ ਦਾ ਸੱਦਾ ਦਿੱਤਾ । ਡਾ. ਢਿੱਲੋਂ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੇ ਗੱਲਬਾਤ ਲਈ ਆਉਣ ਦਾ ਉਹ ਸਵਾਗਤ ਕਰਦੇ ਹਨ ਪਰ ਨਾਲ ਹੀ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਾ ਕਰਨ ਦੀ ਅਪੀਲ ਵੀ ਕੀਤੀ।

ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹਮਦਰਦੀ ਪੂਰਨ ਤਰੀਕੇ ਨਾਲ ਸੋਚਦੇ ਹਨ। ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਇਹਨਾਂ ਮੰਗਾਂ ਦੀ ਪੂਰਤੀ ਸੰਬੰਧੀ ਇੱਕ ਸਾਰਣੀ ਜਾਰੀ ਕੀਤੀ ਜਿਸ ਵਿੱਚ ਯੂਨੀਅਨਾਂ ਵੱਲੋਂ ਕੀਤੀਆਂ ਮੰਗਾਂ ਨੂੰ ਸਹੀ ਤੱਥਾਂ ਦੀ ਰੋਸ਼ਨੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਸੀਰੀਅਲ ਨੰਬਰ ਯੂਨੀਅਨ ਦੀ ਮੰਗ ਕੇਸ ਦੀ ਸਥਿਤੀ
1. 9.7.12 ਤੋਂ ਬਾਅਦ ਨਿਯੁਕਤ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ। ਇਹ ਸਿੱਧੇ ਤੌਰ ‘ਤੇ ਪੀ.ਏ.ਯੂ. ਦੇ ਵੱਸ ਵਿੱਚ ਨਹੀਂ । ਇਸ ਸੰਬੰਧੀ ਕਿਸੇ ਵੀ ਸਰਕਾਰੀ ਹੁਕਮ ਦੀ ਪਾਲਣਾ ਯੂਨੀਵਰਸਿਟੀ ਵੱਲੋਂ ਕੀਤੀ ਜਾਵੇਗੀ।
2. ਏ ਐਸ ਆਈ ਈ ਤੋਂ ਤਰੱਕੀ ਦੇ ਕੇ ਏ ਐਫ ਓ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਯੋਗਤਾ ਅਤੇ ਤਜਰਬੇ ਵਿੱਚ ਕਮੀ ਕੀਤੀ ਜਾਵੇ। ਜਨਵਰੀ 2019 ਵਿੱਚ ਐਗਰੀਕਲਚਰ ਫੀਲਡ ਅਫਸਰ ਦੀ ਅਸਾਮੀ ਪੈਦਾ ਕੀਤੀ ਗਈ ਸੀ । ਦੋ ਸਾਲਾਂ ਦੇ ਅੰਦਰ-ਅੰਦਰ ਇਸ ਅਸਾਮੀ ਦੀ ਗਿਣਤੀ ਵਧਾਉਣ ਅਤੇ ਯੋਗਤਾ ਵਿੱਚ ਘਾਟਾ ਕਰਨਾ ਸਹੀ ਨਹੀਂ ਹੈ।
3. ਲੈਬ ਅਟੈਂਡਡੈਂਟਾਂ ਦੀ ਤਰਜ਼ ਤੇ ਲਾਇਬ੍ਰੇਰੀ ਅਟੈਂਡੈਂਟ ਅਤੇ ਮੈਟਰੋਲੋਜੀਕਲ ਅਟੈਂਡੈਟਨ ਦੀ ਗਰੇਡ ਪੇਅ ਵਧਾ ਕੇ 2400/- ਕੀਤੀ ਜਾਵੇ। ਮੁੱਦਾ ਹੁਣੇ ਹੁਣੇ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਇਸ ਸੰਬੰਧੀ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ । ਇਸ ਸੰਬੰਧੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।
4. ਤਕਨੀਕੀ ਅਮਲੇ ਦੇ ਤਜਰਬੇ ਦੇ ਸਮੇਂ ਨੂੰ ਘਟਾਇਆ ਜਾਵੇ । 6.1.2016 ਨੂੰ ਜਾਰੀ ਪੱਤਰ ਨੰਬਰ 348-468 ਅਨੁਸਾਰ ਟੈਕਨੀਕਲ ਫੀਲਡ ਅਸਾਮੀਆਂ/ਟੈਕਨੀਕਲ ਇੰਜਨੀਅਰ ਅਸਾਮੀਆਂ/ਟੈਕਨੀਕਲ ਲੈਬਾਰਟਰੀ ਪੋਸਟਾਂ ਦੇ ਤਜਰਬੇ ਦੇ ਸਮੇਂ ਨੂੰ ਘਟਾਇਆ ਗਿਆ ਹੈ । ਯੂਨੀਅਨ ਬਿਨਾਂ ਕਿਸੇ ਤਰਕ ਤੋਂ ਦੁਬਾਰਾ ਇਹ ਮੰਗ ਰੱਖ ਰਹੀ ਹੈ ।
5. 15.1.2015 ਤੋਂ ਬਾਅਦ ਨਿਯੁਕਤ ਹੋਏ ਕਲਰਕਾਂ/ਸਟੈਨੋ ਟਾਈਪਿਸਟਾਂ ਨੂੰ ਪਰਖ ਕਾਲ ਦੌਰਾਨ ਡੀ ਸੀ ਦਰਾਂ ਅਨੁਸਾਰ ਲਾਭ ਦਿੱਤੇ ਜਾਣ (ਜਿਵੇਂ ਦਰਜਾ ਬੀ ਨੂੰ ਦਿੱਤੇ ਜਾਂਦੇ ਹਨ । ਖੇਤੀਬਾੜੀ ਵਿੱਤ ਵਿਭਾਗ ਦੀਆਂ ਹਦਾਇਤਾਂ ਮੁਤਬਿਕ ਉਹਨਾਂ ਦੀ ਤਨਖਾਹ ਨਿਸ਼ਚਿਤ ਕੀਤੀ ਗਈ ਹੈ । ਖੇਤੀਬਾੜੀ ਵਿਭਾਗ ਵਿੱਤ/ਵਿਭਾਗ ਵੱਲੋਂ ਇਸ ਸੰਬੰਧੀ ਕਿਸੇ ਹਦਾਇਤ ਦੀ ਪਾਲਣਾ ਕੀਤੀ ਜਾਵੇਗੀ ।
6. ਯੂਨੀਅਨ ਦੀ ਮੰਗ ਏ ਏ ਓ ਤੋਂ ਏ ਓ ਦੀ ਤਰੱਕੀ ਲਈ ਤਜਰਬੇ ਦਾ ਕਾਲ ਦੋ ਸਾਲ ਤੋਂ ਘਟਾ ਕੇ ਇੱਕ ਸਾਲ ਕੀਤਾ ਜਾਵੇ । ਸੁਪਰਡੈਂਟ ਤੋਂ ਏ ਏ ਓ ਅਤੇ ਏ ਏ ਓ ਤੋਂ ਏ ਓ ਦੀ ਤਰੱਕੀ ਲਈ ਘੱਟੋ ਘੱਟ ਦੋ ਸਾਲ ਦੀ ਨੌਕਰੀ ਲੋੜੀਂਦੀ ਹੈ । 1992 ਵਿੱਚ ਇਹ ਤਜਰਬਾ ਪੰਜ ਸਾਲ ਸੀ ।
7. ਜੇ ਈ’ਜ਼ ਅਤੇ ਐਸ ਡੀ ਓ’ਜ਼ ਦੀਆਂ ਤਰੱਕੀਸ਼ੁਦਾ ਅਸਾਮੀਆਂ ਫੋਰਨ ਭਰੀਆਂ ਜਾਣ । ਜੇ ਈ (ਸਿਵਲ) ਦੀ ਅਸਾਮੀ ਲਈ ਕੋਈ ਵੀ ਉਸ ਕੇਂਦਰ ਦਾ ਕਰਮਚਾਰੀ ਯੋਗਤਾ ਪੂਰੀ ਨਹੀਂ ਕਰਦਾ ਤੇ ਜਿੱਥੋਂ ਤੱਕ ਐਸ ਡੀ ਓ ਦੀ ਅਸਾਮੀ ਦਾ ਸੰਬੰਧ ਹੈ, ਮੁੱਦਾ ਕੋਰਟ (ਸਬ ਜੁਡੀਸ਼ੀਅਲ) ਅਧੀਨ ਹੈ ।
8. ਸਟੋਰ ਕੀਪਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ । ਕਲਰਕਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ ਜਿਨ੍ਹਾਂ ਨੂੰ ਸਟੋਰ ਦੇ ਇੰਚਾਰਜ਼ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ।
9. ਸਟੋਰ ਕੀਪਰਾਂ ਨੂੰ 1.12.2011 ਤੋਂ 30.11.2016 ਤੱਕ ਦੇ ਕਨਵੇਂਸ ਅਲਾਊਂਸ ਦੇ ਬਕਾਏ ਦਿੱਤੇ ਜਾਣ। 8.11.2001 ਨੂੰ ਪ੍ਰਬੰਧਕੀ ਬੋਰਡ ਦੀ 197ਵੀਂ ਮੀਟਿੰਗ ਵਿੱਚ ਲਏ ਫੈਸਲਿਆਂ ਅਨੁਸਾਰ ਪੀ.ਏ.ਯੂ.ਦੇ ਸਟੋਰ ਕੀਪਰਾਂ ਨੂੰ 1.12.2016 ਤੋਂ 400 ਰੁਪਏ ਪ੍ਰਤੀ ਮਹੀਨਾ ਕਨਵੇਂਸ ਅਲਾਊਸ ਮਨਜ਼ੂਰ ਕੀਤਾ ਗਿਆ ਹੈ। ਪ੍ਰਬੰਧਕੀ ਬੋਰਡ ਵੱਲੋਂ 20.3.2011 ਦੀ ਸੋਧ ਅਨੁਸਾਰ ਸਟੋਰ ਕੀਪਰ ਪੰਜਾਬ ਸਰਕਾਰ ਦੇ ਵਧੇਰੇ ਤਨਖਾਹ ਸਕੇਲ ਲੈ ਰਹੇ ਹਨ ।
10. ਜੀਪ/ਕਾਰ ਡਰਾਇਵਰਾਂ ਤੋਂ ਕਾਰ ਸੁਪਰ ਵਾਈਜ਼ਰਾਂ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ। ਜ਼ਰੂਰੀ ਕਦਮ ਪਹਿਲਾਂ ਹੀ ਚੁੱਕੇ ਗਏ ਹਨ।
11. ਜੂਨੀਅਰ/ਸੀਨੀਅਰ ਮੁਲਾਜ਼ਮਾਂ ਦੇ ਲੰਬਿਤ ਕੇਸਾਂ ਤੇ ਫੌਰਨ ਫੈਸਲਾ ਕੀਤਾ ਜਾਵੇ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ 10.10.2019 ਦੇ ਪੱਤਰ ਨੂੰ ਲਾਗੂ ਕਰ ਦਿੱਤਾ ਗਿਆ ਹੈ।
12. ਅੰਦਰੂਨੀ ਆਡਿਟ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣ । ਸਰਕਾਰ ਨੇ 1.6.2020 ਤੋਂ ਯੂਨੀਵਰਸਿਟੀਆਂ ਵਿੱਚ ਪ੍ਰੀ-ਆਡਿਟ ਬੰਦ ਕਰ ਦਿੱਤਾ ਹੈ । ਇਸਲਈ ਯੂਨੀਵਰਸਿਟੀ ਨੇ ਆਪਣਾ ਪ੍ਰੀ-ਆਡਿਟ ਪ੍ਰਬੰਧ ਲਾਗੂ ਕੀਤਾ ਹੈ । ਤਬਦੀਲੀ ਕਾਰਨ ਮੁਸ਼ਕਿਲਾਂ ਆਉਂਦੀਆਂ ਹੀ ਹਨ ਜਿੰਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ।
13. ਡੇਲੀ ਪੇਡ/ਕਾਨਟਰੈਕਟ ਮੁਲਾਜ਼ਮਾਂ ਨੂੰ ਸਨਿਓਰਟੀ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਪੀ.ਏ.ਯੂ. ਕੇਸ ਤੇ ਕਾਰਵਾਈ ਕਰ ਰਹੀ ਹੈ।
14. ਕਲਰਕ/ਜੂਨੀਅਰ ਅਸਿਸਟੈਂਟ ਤੋਂ ਸੀਨੀਅਰ ਅਸਿਸਟੈਂਟ ਦੀ ਤਰੱਕੀ ਦੇ ਹੁਕਮ ਫੋਰਨ ਜਾਰੀ ਕੀਤੇ ਜਾਣ। ਫਰਵਰੀ 2019 ਤੇ ਦਸੰਬਰ 2019 ਵਿੱਚ ਪਿਛਲੀ ਵਾਰ ਸੀਨੀਅਰ ਅਸਿਸਟੈਂਟ ਦੀ ਅਸਾਮੀ ਦੀ ਤਰੱਕੀ ਕੀਤੀ ਗਈ ਸੀ।
ਯੂਨੀਵਰਸਿਟੀ ਵਿੱਚ ਕਰੀਬ 50% ਅਸਾਮੀਆਂ ਖਾਲੀ ਹਨ । ਮੌਜੂਦਾ ਸਮੇਂ ਸੀਨੀਅਰ ਅਸਿਸਟੈਂਟਾਂ ਦੀਆਂ ਪ੍ਰਵਾਨਿਤ 229 ਅਸਾਮੀਆਂ ਵਿੱਚੋਂ 165 (73%) ਭਰੀਆਂ ਹੋਈਆਂ ਹਨ। ਕਲਰਕ/ਜੂਨੀਅਰ ਅਸਿਸਟੈਂਟਾਂ ਦੀਆਂ 260 ਪ੍ਰਵਾਨ ਅਸਾਮੀਆਂ ਵਿੱਚੋਂ 140 (52%) ਭਰੀਆਂ ਹੋਈਆਂ ਹਨ। ਇਸ ਦੇ ਬਾਵਜੂਦ ਯੂਨੀਵਰਸਿਟੀ ਦਸੰਬਰ 2019 ਤੋਂ ਬਾਅਦ ਖਾਲੀ ਹੋਈਆਂ ਸੀਨੀਅਰ ਅਸਿਸਟੈਂਟਾਂ ਦੀਆਂ ਅਸਾਮੀਆਂ ਭਰਨ ਦਾ ਸੋਚ ਰਹੀ ਹੈ। ਯੂਨੀਅਨ 24 ਹੋਰ ਜੂਨੀਅਰ ਅਸਿਸਟੈਂਟਾਂ ਦੀ ਸੀਨੀਅਰ ਅਸਿਸਟੈਂਟਾਂ ਵਿੱਚ ਤਰੱਕੀ ਦੀ ਮੰਗ ਕਰ ਰਹੀ ਹੈ।

Share this Article
Leave a comment