ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਈ ਡੀ ਦੀ ਹੀ ਅਰਜੀ ਉੱਤੇ ਦਿੱਲੀ ਦੀ ਅਦਾਲਤ ਵਲੋਂ ਕੇਜਰੀਵਾਲ ਨੂੰ 17 ਫਰਵਰੀ ਲਈ ਸੰਮਨ ਜਾਰੀ ਹੋ ਗਏ ਹਨ। ਬੇਸ਼ਕ ਈਡੀ ਵਲੋਂ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਪੰਜ ਵਾਰ ਨੋਟਿਸ ਜਾਰੀ ਕਰਕੇ ਸ਼ਰਾਬ ਘੁਟਾਲੇ ਦੇ ਦੋਸ਼ਾਂ ਦੀ ਪੁੱਛਪੜਤਾਲ ਲਈ ਮੁੱਖ ਮੰਤਰੀ ਨੂੰ ਬੁਲਾਇਆ ਸੀ ਪਰ ਇਹ ਪਹਿਲਾ ਮੌਕਾ ਹੈ ਜਦੋਂ ਈ ਡੀ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ ਅਤੇ ਹੁਣ ਅਦਾਲਤੀ ਸੰਮਨ ਆਏ ਹਨ । ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਆਖਰੀ ਈ ਡੀ ਨੋਟਿਸ ਦੋ ਫਰਵਰੀ ਲਈ ਆਇਆ ਸੀ ਪਰ ਉਸ ਵਾਰ ਵੀ ਮੁੱਖ ਮੰਤਰੀ ਪੇਸ਼ ਨਹੀਂ ਹੋਏ।
ਮੁੱਖ ਮੰਤਰੀ ਕੇਜਰੀਵਾਲ ਲਗਾਤਾਰ ਆਖ ਰਹੇ ਹਨ ਕਿ ਉਨਾਂ ਨੇ ਕੋਈ ਘੁਟਾਲਾ ਨਹੀਂ ਕੀਤਾ ਸਗੋਂ ਰਾਜਸੀ ਬਦਲੇ ਦੀ ਭਾਵਨਾ ਨਾਲ ਈ ਡੀ ਕਾਰਵਾਈ ਕਰ ਰਹੀ ਹੈ। ਕੇਜਰੀਵਾਲ ਨੇ ਬਹੁਤ ਗੰਭੀਰ ਦੋਸ਼ ਲਾਏ ਹਨ ਕਿ ਉਸ ਉੱਪਰ ਭਾਜਪਾ ਵਿਚ ਸ਼ਾਮਲ ਹੋਣ ਲਈ ਦਬਾ ਪਾਇਆ ਜਾ ਰਿਹਾ ਹੈ। ਉਹਨਾਂ ਨੇ ਸਪਸ਼ਟ ਤੌਰ ਉੱਪਰ ਕਿਹਾ ਹੈ ਕਿ ਉਹ ਭਾਜਪਾ ਵਿਚ ਨਹੀਂ ਜਾਣਗੇ। ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਦੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਲਈ ਵੀ ਭਾਜਪਾ ਪੂਰੀ ਤਰਾਂ ਸਰਗਰਮ ਹੈ। ਆਪ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਘਪਲੇ ਦੇ ਦੋਸ਼ ਨੂੰ ਲੈ ਕੇ ਜੇਲ ਵਿੱਚ ਹਨ ਅਤੇ ਕਈ ਹੋਰਾਂ ਦੇ ਘਰੀਂ ਛਾਪੇ ਪੈ ਰਹੇ ਹਨ।
ਆਪ ਅਤੇ ਵਿਰੋਧੀ ਧਿਰਾਂ ਦੇ ਇੰਡੀਆ ਗਠਜੋੜ ਨੂੰ ਲੈ ਕੇ ਵੀ ਭਾਜਪਾ ਨਾਲ ਟਕਰਾ ਦੀ ਸਥਿਤੀ ਬਣੀ ਹੋਈ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਤੋਂ ਰੋਕਣ ਲਈ ਵਿਰੋਧੀ ਆਗੂਆਂ ਉਤੇ ਕੇਸ ਦਰਜ ਕੀਤੇ ਜਾ ਰਹੇ ਹਨ।ਪਾਰਲੀਮੈਂਟ ਵਿਚ ਵੀ ਵਿਰੋਧੀ ਧਿਰ ਦੇ ਆਗੂਆਂ ਨੇ ਬਦਲੇਖੋਰੀ ਦੇ ਦੋਸ਼ ਲਾਏ ਹਨ।
ਦੂਜੇ ਪਾਸੇ ਭਾਜਪਾ ਦੇ ਆਗੂਆਂ ਦਾ ਦੋਸ਼ ਹੈ ਕਿ ਕੇਜਰੀਵਾਲ ਗ੍ਰਿਫਤਾਰੀ ਤੋਂ ਡਰਕੇ ਦੋਸ਼ ਲਾ ਰਹੇ ਹਨ। ਈਡੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਈ ਡੀ ਨੂੰ ਬਦਨਾਮ ਕਰਨ ਲਈ ਦੋਸ਼ ਲਾ ਰਹੇ ਹਨ, ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਜਿਹੀ ਪ੍ਰਸਥਿਤੀ ਵਿਚ ਸਤਾਰਾਂ ਫਰਵਰੀ ਦੀ ਅਦਾਲਤੀ ਪੇਸ਼ੀ ਬਹੁਤ ਅਹਿਮੀਅਤ ਰਖਦੀ ਹੈ! ਮੁੱਖ ਮੰਤਰੀ ਕੇਜਰੀਵਾਲ ਦਸ ਅਤੇ ਗਿਆਰਾਂ ਫਰਵਰੀ ਨੂੰ ਪੰਜਾਬ ਦੋ ਰਾਜਸੀ ਰੈਲੀਆ ਸੰਬੋਧਨ ਕਰਨ ਲਈ ਵੀ ਆ ਰਹੇ ਹਨ।
ਸੰਪਰਕਃ 9814002186