ਜੰਮੀ ਹੋਈ ਝੀਲ ਦੀ ਬਰਫ ਟੁੱਟਣ ਕਾਰਨ ਡੁੱਬੇ ਦੋ ਨੌਜਵਾਨ

Global Team
3 Min Read

ਨਵੀ ਦਿੱਲੀ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸੇਲਾ ਝੀਲ ਵਿੱਚ ਕੇਰਲ ਦੇ ਦੋ ਨੌਜਵਾਨ ਡੁੱਬ ਗਏ। ਇੱਕ ਸੈਲਾਨੀ ਦੀ ਲਾਸ਼ ਸ਼ੁੱਕਰਵਾਰ ਨੂੰ ਹੀ ਬਰਾਮਦ ਕਰ ਲਈ ਗਈ ਸੀ, ਜਦੋਂ ਕਿ ਦੂਜੇ ਦੀ ਲਾਸ਼ ਅੱਜ ਸ਼ਨੀਵਾਰ ਨੂੰ ਬਰਾਮਦ ਕੀਤੀ ਗਈ। ਪਾਣੀ ਦੇ ਅੰਦਰ ਘੱਟ ਦ੍ਰਿਸ਼ਟੀ ਕਾਰਨ ਗੋਤਾਖੋਰਾਂ ਨੂੰ ਲਾਸ਼ਾਂ ਲੱਭਣ ਵਿੱਚ ਕਾਫੀ ਮੁਸ਼ਕਲ ਆਈ। ਜਾਣਕਾਰੀ ਦਿੰਦੇ ਹੋਏ ਪੁਲਿਸ ਸੁਪਰਡੈਂਟ ਡੀ.ਡਬਲਯੂ. ਥੋਂਗਨ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਦੀਨੂ (26) ਅਤੇ ਮਹਾਦੇਵ (24) ਵਜੋਂ ਹੋਈ ਹੈ। ਉਹ ਸੱਤ ਵਿਅਕਤੀਆਂ ਦੇ ਸੈਲਾਨੀ ਸਮੂਹ ਦਾ ਹਿੱਸਾ ਸਨ ਜੋ ਗੁਹਾਟੀ, ਅਸਾਮ ਰਾਹੀਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਗਏ ਸਨ।

ਦੱਸ ਦਈਏ ਕਿ ਇਹ ਘਟਨਾ ਕੱਲ੍ਹ ਦੁਪਹਿਰ ਦੀ ਹੈ ਜਦੋਂ ਨੌਜਵਾਨਾਂ ਦਾ ਇੱਕ ਸਮੂਹ ਜੰਮੀ ਹੋਈ ਝੀਲ ‘ਤੇ ਮਸਤੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਬਰਫ਼ ਟੁੱਟ ਗਈ ਅਤੇ ਇੱਕ ਨੌਜਵਾਨ ਪਾਣੀ ਵਿੱਚ ਡਿੱਗ ਪਿਆ। ਦੀਨੂ ਅਤੇ ਮਹਾਦੇਵ ਉਸਨੂੰ ਬਚਾਉਣ ਲਈ ਝੀਲ ਵਿੱਚ ਕੁੱਦੇ। ਪਹਿਲਾਂ ਡਿੱਗਿਆ ਨੌਜਵਾਨ ਸੁਰੱਖਿਅਤ ਬਾਹਰ ਨਿਕਲ ਆਇਆ, ਪਰ ਦੀਨੂ ਅਤੇ ਮਹਾਦੇਵ ਬਰਫ਼ੀਲੇ ਪਾਣੀ ਵਿੱਚ ਵਹਿ ਗਏ।

ਨਾਲ ਹੀ ਪੁਲਿਸ ਸੁਪਰਡੈਂਟ ਥੋਂਗੋਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਦੁਪਹਿਰ 3 ਵਜੇ ਦੇ ਕਰੀਬ ਸੂਚਨਾ ਮਿਲੀ ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ, ਫੌਜ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ITBP ਦੀ ਇੱਕ ਸਾਂਝੀ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ। ਖਰਾਬ ਮੌਸਮ ਅਤੇ ਘੱਟ ਦ੍ਰਿਸ਼ਟੀ ਦੇ ਬਾਵਜੂਦ ਇੱਕ ਲਾਸ਼ ਬਰਾਮਦ ਕੀਤੀ ਗਈ। ਜਦਕਿ ਦੂਜੇ ਲਾਪਤਾ ਸੈਲਾਨੀ ਦੀ ਭਾਲ ਹਨੇਰੇ ਅਤੇ ਮੁਸ਼ਕਲ ਹਾਲਾਤਾਂ ਕਾਰਨ ਮੁਅੱਤਲ ਕਰ ਦਿੱਤੀ ਗਈ ਸੀ। ਸ਼ਨੀਵਾਰ ਸਵੇਰੇ 8 ਵਜੇ ਖੋਜ ਮੁਹਿੰਮ ਦੁਬਾਰਾ ਸ਼ੁਰੂ ਹੋਈ। ਵਿਆਪਕ ਖੋਜ ਤੋਂ ਬਾਅਦ SDRF ਅਤੇ ਫੌਜ ਦੇ ਚਾਰ ਗੋਤਾਖੋਰਾਂ ਨੇ ਦੂਜੀ ਲਾਸ਼ ਬਰਾਮਦ ਕੀਤੀ। ਬਰਾਮਦ ਕੀਤੀਆਂ ਗਈਆਂ ਲਾਸ਼ਾਂ ਨੂੰ ਜੰਗ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ।

ਇਸਤੋਂ ਇਲਾਵਾ ਐਸਪੀ ਥੋਂਗਨ ਨੇ ਕਿਹਾ ਕਿ ਸੇਲਾ ਝੀਲ ਅਤੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਚੇਤਾਵਨੀ ਦੇ ਚਿੰਨ੍ਹ ਲਗਾਏ ਗਏ ਹਨ। ਸੈਲਾਨੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜੰਮੀਆਂ ਹੋਈਆਂ ਝੀਲਾਂ ‘ਤੇ ਨਾ ਤੁਰਨ। ਜੰਮੀਆਂ ਹੋਈਆਂ ਝੀਲਾਂ ਅਸੁਰੱਖਿਅਤ ਹਨ ਕਿਉਂਕਿ ਬਰਫ਼ ਦੀ ਪਰਤ ਮਨੁੱਖੀ ਭਾਰ ਨੂੰ ਸਹਿਣ ਲਈ ਇੰਨੀ ਮਜ਼ਬੂਤ ​​ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦਸੰਬਰ ਵਿੱਚ ਵੀ ਅਲਰਟ ਜਾਰੀ ਕੀਤਾ ਸੀ। 13,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਸੇਲਾ ਝੀਲ ਇੱਕ ਪ੍ਰਮੁੱਖ ਸੈਲਾਨੀ ਸਥਾਨ ਹੈ। ਸਰਦੀਆਂ ਦੇ ਮੌਸਮ ਵਿੱਚ ਝੀਲ ਬਰਫ਼ ਨਾਲ ਢੱਕੀ ਰਹਿੰਦੀ ਹੈ।

Share This Article
Leave a Comment