ਅਰੁਨਾ ਚੌਧਰੀ ਨੇ ਕੌਮੀ ਬਾਲੜੀ ਦਿਵਸ ਮੌਕੇ ਧੀਆਂ ਨੂੰ ਦਿੱਤੀ ਵਧਾਈ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕੌਮੀ ਬਾਲੜੀ ਦਿਵਸ ਮੌਕੇ ਰਾਜ ਦੀਆਂ ਧੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਆਪਣੇ ਸੰਦੇਸ਼ ਵਿੱਚ ਕੈਬਨਿਟ ਮੰਤਰੀ ਨੇ ਰਾਜ ਦੀਆਂ ਧੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਦਿਨ ਰੂੜ੍ਹੀਵਾਦੀ ਮਾਨਸਿਕਤਾ ਅੱਗੇ ਨਾ ਝੁਕਣ ਦੇ ਦ੍ਰਿੜ੍ਹ ਇਰਾਦੇ ਨਾਲ ਮਨਾਉਣ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਵਿੱਚ ਨਾ ਬਰਾਬਰੀ ਅਤੇ ਵਿਤਕਰੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਸੰਦੇਸ਼ ਨਾਲ ਹਰ ਸਾਲ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਲੜਕੀਆਂ ਨੂੰ ਆਪਣੇ ਜੀਵਨ ਵਿੱਚ ਦਰਪੇਸ਼ ਵਿਤਕਰੇ ਤੇ ਸ਼ੋਸ਼ਣ ਖ਼ਿਲਾਫ਼ ਲੜਨ ਦਾ ਸੱਦਾ ਦਿੰਦਾ ਹੈ।

ਇਸ ਦਿਨ ਦੀ ਮਹੱਤਤਾ ਨੂੰ ਸਮਝਦਿਆਂ ਅਰੁਨਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੜਕਿਆਂ ਦੀ ਲੋਹੜੀ ਮਨਾਉਣ ਦੀ ਮਿੱਥ ਨੂੰ ਤੋੜਦਿਆਂ ਰਾਜ ਭਰ ਵਿੱਚ ਧੀਆਂ ਦੀ ਲੋਹੜੀ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਾਲ ਰਾਜ ਦੀਆਂ ਤਕਰੀਬਨ 1.5 ਲੱਖ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ, ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਿਨ੍ਹਾ ਉਤੇ ਧੀਆਂ ਦੇ ਮਾਪਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੀਆਂ ਦੀ ਆਨਲਾਈਨ ਸਿੱਖਿਆ ਵਿੱਚ ਮਦਦ ਕਰਨ ਲਈ ਬਾਰ੍ਹਵੀਂ ਜਮਾਤ ਦੀਆਂ 86,915 ਵਿਦਿਆਰਥਣਾਂ ਨੂੰ ਸਮਾਰਟ ਫੋਨ ਮੁਹੱਈਆ ਕੀਤੇ ਹਨ। ਸੂਬਾ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਅਤੇ ਪੰਚਾਇਤੀ ਰਾਜ ਸੰਸਥਾਵਾਂ ਤੇ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਹੈ ਤਾਂ ਕਿ ਉਨ੍ਹਾਂ ਦਾ ਸ਼ਕਤੀਕਰਨ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ਵਿੱਚ ਸਾਰੀਆਂ ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਦੇਣ ਦਾ ਫੈਸਲਾ ਵੀ ਜਲਦੀ ਲਾਗੂ ਕੀਤਾ ਜਾਵੇਗਾ।

- Advertisement -

Share this Article
Leave a comment