ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ, ਰਜਿੰਦਰਾ ਹਸਪਤਾਲ ‘ਚ ਵਿਗੜੇ ਹਾਲਾਤ,ਫੌਜ ਨੇ ਸੰਭਾਲੀ ਕਮਾਨ

TeamGlobalPunjab
2 Min Read

ਪਟਿਆਲਾ: ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਹਰ ਦਿਨ ਕੇਸਾਂ ਦਾ ਅੰਕੜਾਂ ਵਧਦਾ ਜਾ ਰਿਹਾ ਹੈ। ਸੂਬੇ ਦੇ ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਵਧ ਦੇਖਣ ਨੂੰ ਮਿਲ ਰਹੇ ਹਨ। ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖ਼ਲ ਕੋਰੋਨਾ ਮਰੀਜ਼ਾਂ ਦੀ ਇੱਕ ਮੁਕੰਮਲ ਵਾਰਡ 10 ਮਈ ਨੂੰ ਮਿਲਟਰੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਕੋਵਿਡ ਵਾਰਡ ਇੰਚਾਰਜ ਸੁਰਭੀ ਮਲਿਕ (ਆਈਏਐੱਸ) ਨੇ ਇੱਕ ਵਾਰਡ ਮਿਲਟਰੀ ਹਵਾਲੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜਿਸ ਤੋਂ ਬਾਅਦ ਹੁਣ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਫ਼ੌਜ ਕੋਲ ਹੀ ਰਹੇਗੀ ।

ਸੂਤਰਾਂ ਮੁਤਾਬਿਕ ਹਸਪਤਾਲ ਵਿਚਲੇ ਸੁਪਰ ਸਪੈਸ਼ਲਿਟੀ ਬਲਾਕ ਦੀ ਸਾਰੀ ਦੂਜੀ ਮੰਜ਼ਿਲ ਮਿਲਟਰੀ ਦੇ ਮੈਡੀਕਲ ਵਿੰਗ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮੰਜ਼ਿਲ ’ਤੇ 80 ਤੋਂ ਵੱਧ ਕਰੋਨਾ ਮਰੀਜ਼ ਹਨ। ਵਧੇਰੇ ਸਹੂਲਤਾਂ ਦੇ ਬਾਵਜੂਦ ਇਥੇ ਵਧੇਰੇ ਮੌਤਾਂ ਹੋ ਰਹੀਆਂ ਹਨ। ਇੱਕ ਦਿਨ ’ਚ 38 ਰਿਕਾਰਡ ਮੌਤਾਂ ਵੀ ਹੋ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ 34 ਲੋਕਾਂ ਦੀ ਮੌਤ ਹੋ ਗਈ ਹੈ । ਮੌਤਾਂ ਨੂੰ ਲੈ ਕੇ ਇਹ ਹਸਪਤਾਲ ਸੁਰਖ਼ੀਆਂ ’ਚ ਹੈ।

ਪੀੜਤਾਂ ਵੱਲੋਂ ਕਈ ਮਾਮਲਿਆਂ ’ਚ ਮਰੀਜ਼ਾਂ ਦੀ ਸੁਚੱਜੀ ਦੇਖ ਭਾਲ਼ ਨਾ ਕਰਨ ਦੇ ਦੋਸ਼ ਵੀ ਲਾਏ ਜਾਂਦੇ ਹਨ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਹੋਈਆਂ 34 ਮੌਤਾਂ ਵਿੱਚੋਂ 15 ਮੌਤਾਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿੱਚ 69 ਮਰੀਜ਼ ਦਾਖਲ ਹੋਏ ਹਨ, ਜਿਨ੍ਹਾਂ ’ਚੋਂ 4 ਪੰਜਾਬ ਦੇ ਬਾਹਰੋਂ ਹਨ ਅਤੇ 16 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ । ਇਸ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿੱਚ ਬੀਤੇ ਦਿਨ 658 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ । ਇਸ ਹਸਪਤਾਲ ਵਿਚ 600 ਸੌ ਬੈੱਡ ਹਨ। ਢਾਈ ਸੌ ਬੈੱਡ ਹੋਰ ਵਧਾਏ ਜਾਣ ਦੀ ਸੰਭਾਵਨਾ ਹੈ।

Share this Article
Leave a comment