ਪੂਰੇ ਰਾਜਕੀ ਸਨਮਾਨਾਂ ਨਾਲ ਹੋਇਆ ਸ਼ਹੀਦ ਪਰਗਟ ਸਿੰਘ ਦਾ ਅੰਤਿਮ ਸੰਸਕਾਰ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤੀ ਸ਼ਰਧਾਂਜਲੀ

TeamGlobalPunjab
2 Min Read

ਡੇਰਾ ਬਾਬਾ ਨਾਨਕ : ਪੰਜਾਬ ਦਾ ਇੱਕ ਹੋਰ ਜਵਾਨ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਿਆ। ਬਰਫੀਲੇ ਤੂਫਾਨ ਵਿੱਚ ਸਿਆਚਿਨ ਗਲੇਸ਼ੀਅਰ ਵਿਖੇ ਡਿਊਟੀ ਕਰਦੇ ਸਮੇਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸਿਪਾਹੀ ਪਰਗਟ ਸਿੰਘ (21 ਪੰਜਾਬ) ਦਾ ਅੱਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਉਸਦੇ ਜੱਦੀ ਪਿੰਡ ਦਬੁਰਜੀ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਆਪਣੇ ਪਿੱਛੇ ਆਪਣੇ ਪਿਤਾ ਪ੍ਰੀਤਮ ਸਿੰਘ, ਮਾਂ ਸੁਖਵਿੰਦਰ ਕੌਰ ਅਤੇ 2 ਭੈਣਾਂ ਨੂੰ ਛੱਡ ਗਿਆ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜ ਸਰਕਾਰ ਦੀ ਤਰਫੋਂ ਸ਼ਹੀਦ ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰੰਧਾਵਾ ਨੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ ਅਤੇ ਉਸ ਉਪਰ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ।

ਰੰਧਾਵਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ । ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਅਤੇ ਉਹ ਨਿੱਜੀ ਤੌਰ ਉਤੇ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹਨ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਦਾ ਵੀ ਵਿਸ਼ਵਾਸ ਦਿਵਾਇਆ।

ਜ਼ਿਕਰਯੋਗ ਹੈ ਕਿ 25 ਅਪਰੈਲ, 2021 ਨੂੰ ਸਿਆਚੀਨ ਗਲੇਸ਼ੀਅਰ ਵਿੱਚ ਭਿਆਨਕ ਬਰਫੀਲਾ ਤੂਫਾਨ ਆਇਆ ਸੀ ਜਿਸ ਵਿੱਚ 21 ਪੰਜਾਬ ਦੇ ਦੋ ਸਿਪਾਹੀ ਅਮਰਦੀਪ ਸਿੰਘ (ਬਰਨਾਲਾ) ਤੇ ਪ੍ਰਭਜੋਤ ਸਿੰਘ (ਮਾਨਸਾ) ਸ਼ਹੀਦ ਹੋ ਗਏ ਸਨ। ਪਰਗਟ ਸਿੰਘ ਨੂੰ ਬਰਫ ਹੇਠੋਂ ਕੱਢ ਕੇ 27 ਅਪਰੈਲ, 2021 ਨੂੰ ਚੰਡੀਗੜ੍ਹ ਕਮਾਂਡ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਹ ਕੱਲ੍ਹ (8 ਮਈ) ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਸ਼ਹੀਦ ਹੋ ਗਿਆ।

- Advertisement -

Share this Article
Leave a comment