ਚੰਡੀਗੜ੍ਹ: ਨਵਜੋਤ ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਂਦਿਆਂ ਹੀ ਆਪਣੀ ਸਰਕਾਰ ‘ਤੇ ਸਿੱਧਾ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਹੀ ਸ਼ਰਤ ਸੀ ਕਿ ਦਿਓਲ ਦੀ ਨਿਯੁਕਤੀ ਰੱਦ ਕੀਤੀ ਜਾਵੇ ਤੇ ਸਹੋਤਾ ਦੀ ਥਾਂ ਹੋਰ ਨੂੰ ਲਗਾਉਣ ਲਈ ਪੈਨਲ ਭੇਜਿਆ ਜਾਵੇ। ਇਸ ਸਾਰੇ ਮਾਮਲੇ ਨੂੰ ਲੈ ਕੇ ਅੱਜ ਏਪੀਐਸ ਦਿਓਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ’ਤੇ ਖੂਬ ਵਰ੍ਹੇ ਹਨ।
ਏਪੀਐਸ ਦਿਓਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਅਤੇ ਏਜੀ ਦਫ਼ਤਰ ਦੇ ਕੰਮਕਾਜ ਵਿੱਚ ਰੁਕਾਵਟਾਂ ਪਾ ਰਹੇ ਹਨ। ਏ.ਪੀ.ਐਸ ਦਿਓਲ ਨੇ ਕਿਹਾ ਕਿ ਏ.ਜੀ.ਦਫ਼ਤਰ ਅਤੇ ਸਰਕਾਰ ਵੱਲੋਂ ਡਰੱਗਜ਼ ਕੇਸ ਅਤੇ ਬੇਅਦਬੀ ਮਾਮਲੇ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਆਸੀ ਲਾਹਾ ਲੈਣ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਬਿਆਨ ਏਜੀ ਦਫ਼ਤਰ ਦੇ ਕੰਮਕਾਜ ਦਾ ਸਿਆਸੀਕਰਨ ਕਰਨ ਦੀ ਸਿੱਧੀ ਕੋਸ਼ਿਸ਼ ਹੈ ਤੇ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।