ਨਵੇਂ ਖੇਤੀ ਕਾਨੂੰਨ ਹਰੇ ਇਨਕਲਾਬ ਦੀ ਹੀ ਤੀਸਰੀ ਲਹਿਰ ਹੈ, ਜਿਹੜੀ ਸ਼ੁੱਧ ਵਪਾਰੀਕਰਨ ਨਾਲ ਜੁੜੀ ਹੋਈ ਹੈ: ਲਖਵਿੰਦਰ ਜੌਹਲ

TeamGlobalPunjab
7 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਵਿੱਚ ਅਗਲੀ ਵਿਚਾਰ ਚਰਚਾ “ਹਰੀ ਕ੍ਰਾਂਤੀ ਤੋਂ ਕਿਸਾਨ ਸੰਘਰਸ਼ ਤੱਕ” ਵਿਸ਼ੇ ‘ਤੇ ਕਰਵਾਈ ਗਈ ਜਿਸ ਵਿੱਚ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ, ਲੇਖਕ ਅਤੇ ਚਿੰਤਕ ਅਤੇ ਪ੍ਰਧਾਨ ਪ੍ਰੈੱਸ ਕਲੱਬ ਜਲੰਧਰ ਡਾ: ਲਖਵਿੰਦਰ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖੇ। ਨਹ ਨੇ ਇਸ ਵਿਸ਼ੇ ‘ਤੇ ਕਿਹਾ ਕਿ ਹਰਾ ਇਨਕਲਾਬ ਭਾਰਤੀ ਖੇਤੀ ਪ੍ਰਬੰਧ ਨੂੰ ਰਵਾਇਤੀ ਖੇਤੀ ਤੋਂ ਬਦਲ ਕੇ ਸਨੱਅਤੀ ਖੇਤੀ ਵਜੋਂ ਸਥਾਪਤ ਕਰਨ ਦਾ ਯਤਨ ਸੀ ਅਤੇ ਇਸ ਦਾ ਮਕਸਦ ਭਾਰਤ ਵਿੱਚ ਖਾਧ ਪਦਾਰਥਾਂ ਦੀ ਥੁੜ੍ਹ ਦੂਰ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਹਰਾ-ਇਨਕਲਾਬ ਜਿਸ ਤਲਿਸਮੀ ਢੰਗ ਨਾਲ ਆਇਆ ਸੀ ਇਹ ਉਸ ਤੋਂ ਵੀ ਵੱਧ ਬੁਰੇ ਪ੍ਰਭਾਵ ਛੱਡ ਗਿਆ। ਇਹ ਸਭ ਦੇਸ਼ ਦੀ ਭੁੱਖ ਨੂੰ ਦੂਰ ਕਰਨ ਲਈ ਖੇਤੀ ਦੇ ਰਿਵਾਇਤੀ ਢੰਗ ਛੱਡ ਕੇ ਤਕਨੀਕੀ ਖੇਤੀ ਅਪਣਾਉਣ ਦਾ ਉਪਰਾਲਾ ਸੀ। ਕਣਕ, ਚਾਵਲ ਵੱਧ ਮਾਤਰਾ ਵਿੱਚ ਪ੍ਰਾਪਤ ਕਰਨ ਲਈ ਜ਼ਮੀਨ ‘ਤੇ ਵੱਧ ਤੋਂ ਵੱਧ ਕੈਮੀਕਲਜ਼ ਦੀ ਵਰਤੋਂ ਕੀਤੀ ਗਈ, ਨਵੀਂ ਮਸ਼ਨੀਰੀ ਲਿਆਂਦੀ ਗਈ ਅਤੇ ਨਵੇਂ ਅਮਰੀਕਨ ਬੀਜ ਵੀ ਵਰਤੇ ਗਏ। ਜਿਸ ਨਾਲ ਇਹਨਾ ਫ਼ਸਲਾਂ ਦੇ ਝਾੜ ਕਈ ਗੁਣਾ ਵੱਧ ਗਏ ਪਰ ਇਹ ਝਾੜ ਦੱਸ ਕੁ ਸਾਲਾਂ ਬਾਅਦ ਫਿਰ ਘੱਟ ਗਏ। ਇਥੋਂ ਹੀ ਕਿਸਾਨ ਦੀ ਬੁਰੀ ਹਾਲਤ ਦੀ ਬੁਨਿਆਦ ਰੱਖੀ ਗਈ। ਜਦੋਂ ਝਾੜ ਵਧੇ ਤੇ ਵੱਧ ਪੈਸੇ ਆਏ ਤਾਂ ਕਿਸਾਨਾਂ ਨੇ ਆਪਣੀਆਂ ਆਦਤਾਂ ਵੀ ਵਿਗਾੜ ਲਈਆਂ। ਕਿਸਾਨ ਕਿਰਤ ਨਾਲੋਂ ਟੁੱਟ ਗਏ। ਉਹ ਕੰਮ ਲਈ ਦੂਸਰਿਆਂ ਤੇ ਨਿਰਭਰ ਹੋ ਗਏ। ਖੇਤੀ ਵੀ ਇੱਕ ਵਾਈਟ ਕਾਲਰ ਜੋਬ ਬਣ ਗਈ, ਜਿਸ ਨੇ ਕਿਸਾਨਾਂ ਦਾ ਮਿਹਨਤੀ ਸੁਭਾਅ ਖ਼ਤਮ ਕਰ ਦਿੱਤਾ। ਮਸ਼ੀਨਰੀ ਨੇ ਰੁਜ਼ਗਾਰ ਘੱਟ ਕਰ ਦਿੱਤੇ। ਮਾਨਸਿਕਤਾ ਪੈਸੇ ਨਾਲ ਜੁੜ ਗਈ । ਭਾਈਚਾਰਕ ਏਕਤਾ ਪੇਤਲੀ ਪੈ ਗਈ। ਹੌਲੀ-ਹੌਲੀ ਬੱਚੇ ਵਿਦੇਸ਼ ਜਾਣ ਦਾ ਰੁਖ ਕਰਨ ਲੱਗੇ। ਮਸ਼ੀਨਰੀ ਕਾਰਨ ਲੇਬਰ ਸਰਪਲੱਸ ਹੋ ਗਈ। ਪੰਜਾਬ ਵਿਚੋਂ ਸਨੱਅਤਾਂ ਬਾਹਰ ਚਲੇ ਗਈਆਂ। ਇਸੇ ਸਮੇਂ ਵਿੱਚ ਖੇਤੀ ਤੋਂ ਪਲਾਇਨ ਸ਼ੁਰੂ ਹੋ ਗਿਆ। ਇਸ ਸਾਰੇ ਵਰਤਾਰੇ ਨੇ ਪੰਜਾਬ ਦਾ ਸਮਾਜਿਕ, ਆਰਥਿਕ, ਰਾਜਨੀਤਿਕ ਜੀਵਨ ਪ੍ਰਭਾਵਿਤ ਕੀਤਾ। ਵੱਧ ਰਹੀ ਆਬਾਦੀ ਕਾਰਨ ਜੋਤਾਂ ਦਾ ਅਕਾਰ ਬਹੁਤ ਛੋਟਾ ਹੁੰਦਾ ਗਿਆ। ਪੈਦਾਵਾਰ ਇੱਕ ਵਾਰ ਵਧੀ ਤੇ ਫਿਰ ਘੱਟ ਗਈ ਤੇ ਕਿਸਾਨ ਦੀ ਆਮਦਨੀ ਵੀ ਘੱਟ ਗਈ। ਇਸ ਨਾਲ ਖ਼ਰਚੇ ਵੱਧ ਹੋਣ ਕਾਰਨ ਮੁਸ਼ਕਲ ਖੜੀ ਹੋ ਗਈ। ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੋ ਗਈ। ਜ਼ਮੀਨ ਵੀ ਨਸ਼ਿਆਂ ‘ਤੇ ਲੱਗ ਗਈ। ਕੀਟਨਾਸ਼ਕ ਦਵਾਈਆਂ ਕਾਰਨ ਕੀੜੇ ਵੀ ਇਹਨਾ ਦੇ ਆਦੀ ਹੋ ਗਏ। ਦਵਾਈਆਂ ਦੀ ਵਧਾਈ ਮਿਕਦਾਰ ਵੀ ਉਹਨਾ ਨੂੰ ਖ਼ਤਮ ਨਾ ਕਰ ਸਕੀ। ਇਸ ਤਰ੍ਹਾਂ ਪੰਜਾਬ ਦੀ ਹਵਾ, ਪਾਣੀ ਤੇ ਜ਼ਮੀਨ ਜ਼ਹਿਰੀਲੇ ਮਾਦੇ ਨਾਲ ਭਰ ਗਏ ਜਿਸ ਕਾਰਨ ਮਾਲਵੇ ਵਿੱਚ ਕੈਂਸਰ ਰੋਗ ਬਹੁਤ ਵੱਧ ਗਿਆ। ਇਹਨਾ ਕਾਰਨਾਂ ਕਰਕੇ 1995 ਤੋਂ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ। ਜੌਹਲ ਸਾਹਿਬ ਨੇ ਇਹ ਵੀ ਦੱਸਿਆ ਕਿ ਹੁਣ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨ ਵੀ ਹਰੀ ਕ੍ਰਾਂਤੀ ਦਾ ਹੀ ਤੀਸਰਾ ਦੌਰ ਹੈ। ਇਹ ਕਾਨੂੰਨ ਕਿਸਾਨ ਨੂੰ ਮਾਲਕ ਤੋਂ ਮਜ਼ਦੂਰ ਬਣਾਉਣ ਵੱਲ ਲੈ ਜਾਣਗੇ। ਕਾਰਪੋਰੇਟ ਖੇਤੀ ਦਾ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਮਾਡਲ ਰੂਸ ਵਰਗੇ ਦੇਸ਼ਾਂ ਵਿੱਚ ਵੀ ਫੇਲ੍ਹ ਹੋ ਚੁੱਕਾ ਹੈ। ਨਵੇਂ ਕਾਨੂੰਨ ਕਿਸਾਨੀ ਦੀ ਮਾਲਕੀ ਦੀ ਸਾਇਕੀ ਦੇ ਬਿਲਕੁਲ ਵਿਰੋਧੀ ਹਨ। ਨਵੇਂ ਖੇਤੀ ਕਾਨੂੰਨ ਇਕ ਤਰ੍ਹਾਂ ਨਾਲ ਹਰੇ ਇਨਕਲਾਬ ਦੀ ਹੀ ਤੀਸਰੀ ਲਹਿਰ ਹੈ, ਜਿਹੜੀ ਸ਼ੁੱਧ ਵਪਾਰੀਕਰਨ ਨਾਲ ਜੁੜੀ ਹੋਈ ਹੈ। ਜਦੋਂ 2017 ਵਿੱਚ ਇਹਨਾ ਕਾਨੂੰਨਾਂ ਨੂੰ ਘੜਿਆ ਜਾ ਰਿਹਾ ਸੀ ਤਾਂ ਕਿਸਾਨਾਂ ਦੇ ਨੁਮਾਇੰਦੇ ਵੀ ਮੀਟਿੰਗਾਂ ਵਿੱਚ ਜਾਂਦੇ ਸਨ। ਉਸ ਸਮੇਂ ਕਿਸਾਨਾਂ ਵਿੱਚ ਉਹਨਾ ਵਲੋਂ ਜਾਗਰਤੀ ਪੈਦਾ ਕਰਨੀ ਚਾਹੀਦੀ ਸੀ। ਇਸੇ ਕਾਰਨ ਇਹ ਸੰਘਰਸ਼ ਬਹੁਤ ਲੇਟ ਸ਼ੁਰੂ ਕੀਤੇ ਗਏ ਹਨ। ਪੰਜਾਬ ਦੀ ਕਿਸਾਨੀ ਬਚਾਉਣ ਲਈ ਐਗਰੋ-ਇੰਡਸਟਰੀ ਲਗਾਉਣ ਦੀ ਸਖ਼ਤ ਜ਼ਰੂਰਤ ਹੈ।

ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਵਰਿੰਦਰ ਸ਼ਰਮਾ (ਯੂ.ਕੇ.),ਕੇਹਰ ਸ਼ਰੀਫ਼ (ਜਰਮਨੀ) ਤੇ ਡਾ: ਸੁਖਪਾਲ ਸਿੰਘ ਨੇ ਆਖਿਆ ਕਿ ਹਰੇ-ਇਨਕਲਾਬ ਨੇ ਪੰਜਾਬ ਦੀ ਕਿਸਾਨੀ ਨੂੰ ਆਪਣੀ ਰਵਾਇਤਾਂ ਨਾਲੋਂ ਤੋੜ ਦਿੱਤਾ ਹੈ। ਪਾਣੀ ਬਹੁਤ ਹੇਠਾ ਚਲਾ ਗਿਆ ਹੈ। ਧਰਤੀ ਤੇ ਨੌਜਵਾਨ ਨਸ਼ਿਆਂ ਤੇ ਲੱਗ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੂੰਜੀਵਾਦ ਕਦੇ ਵੀ ਲੋਕਾਂ ਦਾ ਫ਼ਾਇਦਾ ਨਹੀਂ ਵੇਖਦਾ, ਸਗੋਂ ਉਹ ਆਪਣੇ ਮੁਨਾਫ਼ੇ ਦੀ ਗੱਲ ਅੱਗੇ ਰੱਖਦਾ ਹੈ। ਇਸ ਇਨਕਲਾਬ ਦੇ ਰਿਜ਼ਲਟ ਵੀ ਪਹਿਲਾ ਹੀ ਪਤਾ ਸਨ ਪਰ ਇਹ ਮਾਡਲ ਫਿਰ ਵੀ ਲਾਗੂ ਕੀਤਾ ਗਿਆ। ਦਰਸ਼ਨ ਸਿੰਘ ਰਿਆੜ ਅਤੇ ਡਾ: ਰਾਜਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੀਆਂ ਨੀਤੀਆਂ ਪੰਜਾਬ ਦੇ ਖ਼ਿਲਾਫ ਸਨ ਪਰ ਫਿਰ ਵੀ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਕਿਸਾਨ ਦਾ ਜ਼ਮੀਨ ਨਾਲੋਂ ਰਿਸ਼ਤਾ ਟੁੱਟ ਰਿਹਾ ਹੈ। ਜ਼ਮੀਨ ਕਿਸਾਨ ਦੀ ਮਾਂ ਸੀ ਤੇ ਮਾਂ ਨਾਲੋਂ ਰਿਸ਼ਤਾ ਟੁੱਟਣਾ ਦੁੱਖਦਾਈ ਹੀ ਹੋਵੇਗਾ। ਪਾਣੀ ਖ਼ਤਮ ਹੋ ਰਿਹਾ ਹੈ। ਪ੍ਰਦੂਸ਼ਣ ਵੱਧ ਰਿਹਾ ਹੈ। ਕਿਰਤੀ ਕਿਰਤ ਨਾਲੋਂ ਟੁੱਟ ਰਹੇ ਹਨ। ਖੇਤੀ ਮੁਨਾਫ਼ੇ ਦਾ ਸਾਧਨ ਨਹੀਂ ਬਣ ਸਕੀ। ਰਵਿੰਦਰ ਸਹਿਰਾਅ, ਰਵਿੰਦਰ ਚੋਟ ਅਤੇ ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ, ਪਾਣੀ ਅਤੇ ਲੋਕ ਕੈਂਸਰ ਦਾ ਸ਼ਿਕਾਰ ਹੋ ਗਏ ਹਨ। ਲਾਲ ਬਹਾਦਰ ਸ਼ਾਸਤਰੀ ਵੇਲੇ ਦੇਸ਼ ਭੁੱਖਾ ਮਰ ਰਿਹਾ ਸੀ। ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੀ ਭੁੱਖ ਤਾਂ ਦੂਰ ਕਰ ਦਿੱਤੀ ਪਰ ਆਪ ਕੈਂਸਰ ਦਾ ਮਰੀਜ਼ ਹੋ ਗਿਆ। ਹੁਣ ਦੇ ਕਿਰਸਾਨੀ ਸੰਘਰਸ਼ ਨੇ ਸਾਰੀਆਂ ਰਾਜਸੀ ਪਾਰਟੀਆਂ ਦੀ ਸਾਰਥਿਕਤਾ ਖ਼ਤਮ ਕਰ ਦਿੱਤੀ ਹੈ। ਜਗਦੀਪ ਸਿੰਘ ਕਾਹਲੋਂ ਨੇ ਖ਼ਦਸਾ ਜ਼ਾਹਿਰ ਕੀਤਾ ਕਿ ਜੇਕਰ ਹੁਣ ਇਹ ਸੰਘਰਸ਼ ਫੇਲ੍ਹ ਹੋ ਗਿਆ ਤਾਂ ਪੰਜਾਬ ਕਦੇ ਵੀ ਉਠ ਨਹੀਂ ਸਕੇਗਾ।

ਹੋਰ ਬੁਲਾਰਿਆਂ ਵਲੋਂ ਉਠਾਏ ਗਏ ਸਵਾਲਾਂ ਦੀ ਜੁਵਾਬ ਦਿੰਦਿਆਂ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਰਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਰਾਜਸੀ ਪਾਰਟੀਆਂ ਨੂੰ ਨਾਲ ਲੈ ਕੇ ਤੁਰਨ। ਜਦੋਂ ਤੱਕ ਰਾਜ ਕਰਦੀ ਪਾਰਟੀ ਨੂੰ ਰਾਜਸੀ ਨੁਕਸਾਨ ਨਹੀਂ ਹੋਵੇਗਾ। ਉਨੀ ਦੇਰ ਉਹ ਮੰਗਾਂ ਨਹੀਂ ਮੰਨੇਗੀ। ਉਹਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਰਾਜਸੀ ਅੰਦੋਲਨ ਵਾਂਗਰ ਵੇਖਣ ਦੀ ਲੋੜ ਹੈ। ਉਹਨਾ ਨੇ ਪੰਜਾਬ ਦੀ ਹਾਕਮ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਉਹਨਾ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਅੰਦੋਲਨ ਨੂੰ ਸਮੁੱਚੇ ਪੰਜਾਬੀਆਂ ਦਾ ਅੰਦੋਲਨ ਬਨਾਉਣਾ ਚਾਹੀਦਾ ਹੈ। ਅੰਤ ਵਿੱਚ ਡਾ: ਗੁਰਚਰਨ ਨੂਰਪੁਰ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ।

ਵੈਬੀਨਾਰ ਵਿੱਚ ਹੋਰਾਂ ਤੋਂ ਇਲਾਵਾ ਗੁਰਦੀਪ ਬੰਗੜ ਯੂ.ਕੇ., ਮਹਿੰਦਰ ਸਿੰਘ ਦਿਲਬਰ ਯੂ.ਕੇ., ਸੁਰਿੰਦਰ ਮਚਾਕੀ, ਪ੍ਰੋ: ਰਣਜੀਤ ਧੀਰ, ਰਵਿੰਦਰ ਚੋਟ, ਬੰਸੋ ਦੇਵੀ, ਸੰਤੋਖ ਲਾਲ ਵਿਰਦੀ, ਐਡਵੋਕੇਟ ਦਰਸ਼ਨ ਸਿੰਘ ਰਿਆੜ,ਡਾ: ਹਰਜਿੰਦਰ ਵਾਲੀਆ, ਡਾ: ਸੁਖਪਾਲ ਸਿੰਘ, ਮਲਕੀਤ ਸਿੰਘ ਅੱਪਰਾ, ਜਗਦੀਪ ਸਿੰਘ ਕਾਹਲੋਂ, ਡਾ: ਨਿਰਮਲ ਸਿੰਘ ਖੁਬੈਰ, ਰਵਿੰਦਰ ਸਹਿਰਾਅ, ਵਰਿੰਦਰ ਸ਼ਰਮਾ ਐਮ.ਪੀ. ਯੂਕੇ.,ਡਾ: ਰਾਜਵਿੰਦਰ ਸਿੰਘ, ਬਿੰਦਰ ਕੋਲੀਆਂਵਾਲ ਇਟਲੀ, ਗੁਰਚਰਨ ਨੂਰਪੁਰ, ਗੁਰਦੀਪ ਬੰਗੜ, ਗਿਆਨ ਸਿੰਘ ਡੀਪੀਆਰਓ, ਕੇਹਰ ਸ਼ਰੀਫ਼ ਜਰਮਨੀ ,ਬੇਅੰਤ ਕੌਰ ਗਿੱਲ, ਸੀਤਲ ਰਾਮ ਬੰਗਾ, ਸੁਖਦੇਵ ਸਿੰਘ ਗੰਡਵਾਂ, ਡਾ: ਕੋਮਲ ਸਿੰਘ, ਜੀ.ਐਸ. ਗੁਰਦਿੱਤ ਆਦਿ ਨੇ ਭਾਗ ਲਿਆ।

- Advertisement -

Share this Article
Leave a comment