ਪੰਜਾਬ ਅਤੇ ਖੇਤੀ ਵਿਰੋਧੀ ਐਰਡੀਨੈਂਸਾਂ ਵਿਰੁੱਧ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਸਰਕਾਰ: ਹਰਪਾਲ ਸਿੰਘ ਚੀਮਾ

TeamGlobalPunjab
2 Min Read

-ਵਿਰੋਧੀ ਧਿਰ ਦੇ ਨੇਤਾ ਦੀ ਅਗਵਾਈ ਹੇਠ ‘ਆਪ’ ਨੇ ਸਪੀਕਰ ਨੂੰ ਸੌਂਪਿਆ ਮੰਗ ਪੱਤਰ

-ਸੂਬੇ ਅਤੇ ਕਿਸਾਨਾਂ ਦੀ ਆਰਥਿਕਤਾਂ ਨੂੰ ਤਬਾਹ ਕਰ ਦੇਣਗੇ ਇਹ ਮਾਰੂ ਆਰਡੀਨੈਂਸ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਅਤੇ ਪੰਜਾਬ ਵਿਰੋਧੀ ਤਿੰਨ ਆਰਡੀਨੈਂਸਾਂ ਵਿਰੁੱਧ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ (ਲਾਇਵ ਟੈਲੀਕਾਸਟ) ਬੁਲਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਦੇ ਵਫਦ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ।

ਇਸ ਮੌਕੇ ਮੰਗਲਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਨੇ ਕਿਹਾ ਕਿ ਮੋਦੀ ਕੈਬਨਿਟ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲੰਘੀ 5 ਜੂਨ ਨੂੰ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਨੂੰ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਹਨ। ਇਸ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਰਾਹੀਂ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ ਮਤਾ ਪਾਸ ਕਰਕੇ ਪੰਜਾਬ ਵੱਲੋਂ ਸਖਤ ਸੰਦੇਸ਼ ਦਿੱਤਾ ਜਾਵੇ ਤਾਂ ਕਿ ਕੇਂਦਰ ਸਰਕਾਰ ਇਹ ਮਾਰੂ ਫੈਸਲੇ ਵਾਪਸ ਲੈਣ ਲਈ ਮਜਬੂਰ ਹੋ ਜਾਵੇ।

- Advertisement -

ਹਰਪਾਲ ਸਿੰਘ ਚੀਮਾ ਨੇ ਸੁਚੇਤ ਕੀਤਾ ਕਿ ਜੇਕਰ ਮੋਦੀ ਸਰਕਾਰ ਇਹ ਫੈਸਲੇ ਲਾਗੂ ਕਰਾਉਣ ‘ਚ ਕਾਮਯਾਬ ਹੋ ਗਈ ਤਾਂ ਇਹ ਪੰਜਾਬ ਖਾਸ ਕਰਕੇ ਦਿਹਾਤੀ ਆਰਥਿਕਤਾ ਨੂੰ ਬਰਬਾਦ ਕਰਕੇ ਰੱਖ ਦੇਣਗੇ, ਕਿਉਕਿ ਇਹ ਕਿਰਸਾਨੀ ਹਿੱਤਾਂ ਦੀ ਬਲੀ ਦੇ ਕੇ ਅੰਬਾਨੀਆਂ-ਅਡਾਨੀਆਂ ਦੇ ਹਿਤ ਪੂਰਨ ਲਈ ਥੋਪੇ ਜਾ ਰਹੇ ਹਨ।

ਚੀਮਾ ਨੇ ਇਸ ਵਿਸ਼ੇਸ਼ ਇਜਲਾਸ ਦੇ ਲਾਇਵ ਟੈਲੀਕਾਸਟ ਦੀ ਉਚੇਚੀ ਮੰਗ ਕੀਤੀ ਤਾਂ ਕਿ ਪੰਜਾਬ ਦੇ ਲੋਕ ਦੇਖ ਸਕਣ ਕਿ ਅਜਿਹੇ ਘਾਤਕ ਫੈਸਲਿਆਂ ‘ਚ ਰਿਵਾਇਤੀ ਸੱਤਾਧਾਰੀ ਦਲਾਂ (ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ) ਦੀ ਕੀ-ਕੀ ਭੂਮਿਕਾ ਰਹੀ ਹੈ।

ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ:

Click here for GOOGLE PLAY STORE  

Click here for IOS

- Advertisement -
Share this Article
Leave a comment