ਤਿਰੂਵਨੰਤਪੁਰਮ: ਕੇਰਲ ਵਿੱਚ ਅਡਾਨੀ ਬੰਦਰਗਾਹ ਦੇ ਨਿਰਮਾਣ ਦਾ ਵਿਰੋਧ ਕਰਨ ਲਈ ਲੈਟਿਨ ਕੈਥੋਲਿਕ ਚਰਚ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਵਿਜਿੰਜਮ ਪੁਲਿਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਘੱਟੋ-ਘੱਟ 29 ਪੁਲਿਸ ਕਰਮਚਾਰੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਪੁਲਿਸ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਪੁਲਿਸ ਅਨੁਸਾਰ ਭੀੜ ਨੇ ਪੁਲਿਸ ਸਟੇਸ਼ਨ ਨੂੰ ਲਾਠੀਆਂ ਅਤੇ ਪੱਥਰਾਂ ਨਾਲ ਨਿਸ਼ਾਨਾ ਬਣਾਇਆ ਅਤੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕੀਤਾ। ਦਰਅਸਲ, 26 ਨਵੰਬਰ ਨੂੰ ਹੋਏ ਹਿੰਸਕ ਪ੍ਰਦਰਸ਼ਨ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਸੀ।
ਪੁਲਸ ਦੀ ਵਿਸ਼ੇਸ਼ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ, ”ਘੱਟੋ-ਘੱਟ 29 ਪੁਲਸ ਕਰਮਚਾਰੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਵਿੱਚ ਬਣੀ ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਕੇਰਲ ਸਰਕਾਰ ਨੇ ਹੋਰ ਜ਼ਿਲ੍ਹਿਆਂ ਤੋਂ ਹੋਰ ਪੁਲੀਸ ਅਧਿਕਾਰੀ ਤਾਇਨਾਤ ਕੀਤੇ ਹਨ।
ਪ੍ਰਦਰਸ਼ਨਕਾਰੀਆਂ ਨੇ ਸਥਾਨਕ ਚੈਨਲ ‘ਏ.ਸੀ.ਵੀ.’ ਦੇ ਸ਼ੈਰਿਫ ਐਮ ਜੌਨ ਦੇ ਕੈਮਰਾਮੈਨ ‘ਤੇ ਹਮਲਾ ਕਰਕੇ ਉਸ ਦੇ ਕੈਮਰੇ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਦਾ ਮੋਬਾਈਲ ਖੋਹ ਲਿਆ। ਉਨ੍ਹਾਂ ਨੂੰ ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।