Home / News / ਅਨਮੋਲ ਗਗਨ ਮਾਨ ਦੇ ਨਾਲ ਅਕਾਲੀ ਆਗੂ ਅਜੈ ਲਿਬੜਾ ਅਤੇ ਲਾਲ ਚੰਦ ਵੀ ਆਪ ‘ਚ ਹੋਏ ਸ਼ਾਮਲ

ਅਨਮੋਲ ਗਗਨ ਮਾਨ ਦੇ ਨਾਲ ਅਕਾਲੀ ਆਗੂ ਅਜੈ ਲਿਬੜਾ ਅਤੇ ਲਾਲ ਚੰਦ ਵੀ ਆਪ ‘ਚ ਹੋਏ ਸ਼ਾਮਲ

ਚੰਡੀਗੜ੍ਹ: ਨਾਮਵਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੁੱਕ ਲਿਆ ਹੈ। ਇਸ ਦੇ ਨਾਲ ਹੀ ‘ਆਪ’ ਨੇ ਅਕਾਲੀ ਦਲ (ਬਾਦਲ) ਨੂੰ ਤਕੜਾ ਝਟਕਾ ਦਿੰਦੇ ਹੋਏ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਅਜੈ ਸਿੰਘ ਲਿਬੜਾ ਦਾ ਸਾਥੀਆਂ ਸਮੇਤ ਪਾਰਟੀ ‘ਚ ਭਰਵਾਂ ਸਵਾਗਤ ਕੀਤਾ। ਇਸ ਦੇ ਨਾਲ ਹੀ ਪਠਾਨਕੋਟ ਇਲਾਕੇ ‘ਚ ਲੋਕ ਨਾਇਕ ਵਜੋਂ ਜਾਣੇ ਜਾਂਦੇ ਭੋਆ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ. ਆਈ) ਦੇ ਸੂਬਾ ਖ਼ਜ਼ਾਨਚੀ ਲਾਲ ਚੰਦ ਕਟਰੂਚੱਕ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

ਸੋਮਵਾਰ ਨੂੰ ਚੰਡੀਗੜ੍ਹ ‘ਚ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਨਮੋਲ ਗਗਨ ਮਾਨ, ਅਜੈ ਸਿੰਘ ਲਿਬੜਾ ਅਤੇ ਲਾਲ ਚੰਦ ਕਟਰੂਚੱਕ ਨੂੰ ਰਸਮੀ ਤੌਰ ਪਾਰਟੀ ‘ਚ ਸ਼ਾਮਲ ਕੀਤਾ। ਇਸ ਮੌਕੇ ਯੂਥ ਆਗੂ ਅਤੇ ਵਿਧਾਇਕ ਮੀਤ ਹੇਅਰ, ਸੰਗਠਨ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਗੈਰੀ ਬੜਿੰਗ ਅਤੇ ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਹਾਜਰ ਸਨ।

ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਉੱਘੀਆਂ ਹਸਤੀਆਂ ਦੇ ਸ਼ਾਮਲ ਹੋਣ ਨਾਲ ਜਿੱਥੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉੱਥੇ ਪੰਜਾਬ ਦੇ ਹਿੱਤਾਂ ਲਈ ਕੈਪਟਨ-ਬਾਦਲਾਂ ਦੇ ‘ਮਾਫ਼ੀਆ ਰਾਜ’ ਵੰਗਾਰਨ ਵਾਲਿਆਂ ਦਾ ਹੌਸਲਾ ਹੋਰ ਵਧੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦੀ ਸੋਚ ਰੱਖਣ ਵਾਲੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਾਫ਼ੀ ਨਾਮਵਰ ਹਸਤੀਆਂ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਿੱਤ ਬਚਾਉਣ ਲਈ ਬਿਨਾਂ ਕਿਸੇ ਸ਼ਰਤ ‘ਆਪ’ ‘ਚ ਸ਼ਾਮਲ ਹੋਣ ਵਾਲੇ ਇਨ੍ਹਾਂ ਲੋਕਾਂ ਨੂੰ ਪਾਰਟੀ ‘ਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਮਿਸ ਵਰਲਡ ਪੰਜਾਬ ਮੁਕਾਬਲੇ ‘ਚੋਂ ਮਿਸ ਮੋਹਾਲੀ ਪੰਜਾਬਣ ਦਾ ਖ਼ਿਤਾਬ ਅਤੇ ਲੰਡਨ ‘ਚ ਹੋਏ ਵਰਲਡ ਫੋਕ ਡਾਂਸ ਮੁਕਾਬਲੇ ਜਿੱਤਣ ਵਾਲੀ ਗਗਨਦੀਪ ਕੌਰ ਮਾਨ ਨੇ ਗਾਇਕੀ ਦੇ ਖੇਤਰ ‘ਚ ਅਨਮੋਲ ਗਗਨ ਮਾਨ ਵਜੋਂ ਪ੍ਰਸਿੱਧੀ ਕਮਾਈ। ‘ਅਸਲੀ ਇਨਸਾਨ ਕਿਵੇਂ ਬਣੀਏ’ ਕਿਤਾਬ ਦੀ ਰਚੇਤਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਮਾਜ ਅਤੇ ਨਿਜ਼ਾਮ ‘ਚ ਆਈ ਗਿਰਾਵਟ ਨੂੰ ਰੋਕਣ ਦੇ ਜਜ਼ਬੇ ਕਾਰਨ ਉਸ ਨੇ ਬਿਨਾਂ ਕਿਸੇ ਲੋਭ-ਲਾਲਚ ਸਿਆਸਤ ‘ਚ ਆਉਣ ਦਾ ਮਨ ਬਣਾਇਆ ਅਤੇ ਇਸ ਲਈ ਆਮ ਆਦਮੀ ਪਾਰਟੀ ਤੋਂ ਬਿਹਤਰ ਕੋਈ ਵਿਕਲਪ ਇਸ ਸਮੇਂ ਨਾ ਪੰਜਾਬ ਅਤੇ ਨਾ ਹੀ ਦੇਸ਼ ‘ਚ ਹੈ।

ਅਜੈ ਸਿੰਘ ਲਿਬੜਾ ਨੇ ਕਿਹਾ ਕਿ ਉਹ ਜਿੱਥੇ ਇੱਕ ਪਾਸੇ ਪਰਿਵਾਰਵਾਦ ‘ਤੇ ਕੇਂਦਰਿਤ ਅਕਾਲੀ ਦਲ (ਬਾਦਲ) ਤੋਂ ਜਿੰਨੇ ਨਿਰਾਸ਼ ਚੱਲ ਰਹੇ ਸਨ, ਉੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੰਸਦ ‘ਚ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਵੱਡੀ ਉਮੀਦ ਵਜੋਂ ਦੇਖਦੇ ਹਨ।

ਇਸ ਮੌਕੇ ਲਾਲ ਚੰਦ ਕਟਰੂਚੱਕ ਨੇ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ ਹੀ ਇਕ ਮਾਤਰ ਵਿਕਲਪ ਹੈ ਅਤੇ ਦੇਸ਼ ਅਤੇ ਪੰਜਾਬ ਦਾ ਹਰ ਪੱਖੋਂ ਖੋਇਆ ਮਾਨ ਸਨਮਾਨ ਬਹਾਲ ਕਰਨ ਦੀ ਸੋਚ ਅਤੇ ਸਮਰੱਥਾ ਰੱਖਦੀ ਹੈ। ਲਾਲ ਚੰਦ ਕਟਰੂਚੱਕ 2019 ਦੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਰਹੇ ਅਤੇ ਆਪਣੇ ਪਿੰਡ ਦੇ 25 ਸਾਲਾਂ ਤੋਂ ਸਰਪੰਚ ਚਲੇ ਆ ਰਹੇ ਹਨ।

Check Also

ਕਾਂਗਰਸ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੀ ਕਾਂਗਰਸੀਆਂ ਵੱਲੋਂ ਕੀਤੀ ਲੁੱਟ ਦੀ ਕੀਮਤ ਅਦਾ ਕਰਨ ਲਈ ਕਿਸਾਨਾਂ ਨੂੰ ਮਜਬੂਰ ਕੀਤਾ : ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਕੀਮਤ ਪੰਜਾਬ …

Leave a Reply

Your email address will not be published. Required fields are marked *