BIG NEWS : ਅਨਿਲ ਵਿੱਜ ਦਾ ਪੰਜਾਬ ਬਾਰੇ ਵਿਵਾਦਤ ਬਿਆਨ, ਦੱਸਿਆ ਪੰਜਾਬ ਭੁਖਮਰੀ ਦੀ ਕਗਾਰ ‘ਤੇ

TeamGlobalPunjab
2 Min Read

ਚੰਡੀਗੜ੍ਹ : ਆਪਣੇ ਬੇਤੁਕੇ ਅਤੇ ਵਿਵਾਦਤ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇੱਕ ਵਾਰ ਫਿਰ ਤੋਂ ਇੱਕ ਵਿਵਾਦਤ ਬਿਆਨ ਦਿੱਤਾ ਹੈ, ਜਿਸ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਨਿਲ ਵਿਜ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ‘ਪੰਜਾਬ ਇਸ ਸਮੇਂ ਭੁੱਖਮਰੀ ਦੀ ਕਗਾਰ ‘ਤੇ ਹੈ।’

ਅਨਿਲ ਵਿਜ ਨੇ ਇਹ ਵਿਵਾਦਤ ਬਿਆਨ ਬੀਤੇ ਦਿਨ ਪੰਜਾਬ ਆਏ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ। ਅਨਿਲ ਵਿਜ ਨੇ ਕੇਜਰੀਵਾਲ ਦੀ ਪੰਜਾਬ ਫੇਰੀ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ “ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੀਆਂ ਸਮੱਸਿਆਵਾ ਦਾ ਗਿਆਨ ਨਹੀਂ ਹੈ। ਜੇਕਰ ਉਹ ਸੋਚਦੇ ਹਨ ਕਿ ਦਿੱਲੀ ਮਾਡਲ ਪੰਜਾਬ ‘ਚ ਲਾਗੂ ਕਰ ਦੇਣਗੇ ਤਾਂ ਅਜਿਹਾ ਨਹੀਂ ਹੋ ਸਕਦਾ। ਦਿੱਲੀ ‘ਚ ਟੈਕਸ ਵਸੂਲੀ ਜ਼ਿਆਦਾ ਹੈ ਪਰ ਪੰਜਾਬ ਭੁੱਖਮਰੀ ਦੀ ਕਗਾਰ ‘ਤੇ ਹੈ।”

 

 

ਹਰਿਆਣਾ ਦੇ ਗ੍ਰਹਿ ਮੰਤਰੀ ਦੇ ਪੰਜਾਬ ਨੂੰ ਭੁਖਮਰੀ ਦੀ ਕਗਾਰ ‘ਤੇ ਦੱਸੇ ਜਾਣ ਕਾਰਨ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਉਧਰ ‘ਆਪ’ ਵਲੋਂ ਵੀ ਅਨਿਲ ਵਿਜ ਨੂੰ ਮੋੜਵਾਂ ਜਵਾਬ ਦਿੱਤਾ ਜਾਣਾ ਤੈਅ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੰਜਾਬ ਫੇਰੀ ਤੇ ਆਏ ਕੇਜਰੀਵਾਲ ਨੇ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ, ਪੰਜਾਬ ‘ਚ 24 ਘੰਟੇ ਬਿਜਲੀ ਸਪਲਾਈ ਅਤੇ ਪੈਂਡਿੰਗ ਬਿਜਲੀ ਬਿੱਲਾਂ ਨੂੰ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇੇ ਆਗੂਆਂ ਵਲੋਂ ਇਸ ਵਾਅਦੇ ਨੂੰ ‘ਲਾਅਰੇ ਤੋਂ ਵੱਧ ਕੁਝ ਵੀ ਨਹੀਂ’ ਕਿਹਾ ਜਾ ਰਿਹਾ ਹੈ।

Share This Article
Leave a Comment