ਅਕਾਲੀ ਭਾਜਪਾ ‘ਚ ਪੈ ਗਿਆ ਪਾੜਾ? ਨਰਾਜ਼ ਸੁਖਬੀਰ ਪੰਜਾਬ ਭਾਜਪਾ ਆਗੂਆਂ ਦੀ ਹਾਈ ਕਮਾਂਡ ਨੂੰ ਕਰਨਗੇ ਸ਼ਿਕਾਇਤ, ਵਿਰੋਧੀਆਂ ਦੀ ਨਿੱਕਲੀ ਹਾਸੀ, ਕਹਿੰਦੇ ਪਤਾ ਹੀ ਸੀ

TeamGlobalPunjab
5 Min Read

 

ਕ੍ਰਿਸ਼ਨ ਸਿੰਘ

ਪਟਿਆਲਾ : ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸੂਬੇ ‘ਚ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੀ ਅਕਾਲੀ  ਭਾਜਪਾ ਗੱਠਜੋੜ ਦੇ ਰਿਸ਼ਤਿਆਂ ਨੂੰ ਗ੍ਰਹਿਣ ਲੱਗਦਾ ਦਿਖਾਈ ਦੇ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਨੂੰ ਭਾਜਪਾ ਦੇ ਆਗੂ ਪਾਰਟੀ ਵੱਡੀ ਸਫਲਤਾ ਮੰਨਕੇ ਇਹ ਕਹਿ ਰਹੇ ਹਨ ਕਿ ਪਾਰਟੀ ਵਲੋਂ 2 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ ਜੋ ਕਿ 5 ਲੱਖ ਪਾਰ ਹੋ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ਮੈਂਬਰਸ਼ਿੱਪ ਵਧਣ ਤੋਂ ਬਾਅਦ  ਕਿਹਾ ਜਾ ਰਿਹਾ ਹੈ ਕਿ ਭਾਜਪਾ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਜਰੂਰਤ ਨਹੀਂ ਪਏਗੀ। ਹੁਣ ਤੱਕ ਸੂਬੇ ਚ ਅਕਾਲੀ ਭਾਜਪਾ ਦੇ ਰਿਸ਼ਤਿਆਂ ਨੂੰ ਨਹੂੰ ਮਾਸ ਵਾਲਾ ਰਿਸ਼ਤਾ ਕਿਹਾ ਜਾਂਦਾ ਰਿਹਾ ਹੈ ਪਰ ਹੁਣ ਭਾਜਪਾ ਦੇ ਦਿੱਗਜ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੇ ਸਵਾਲ ਚੁੱਕਣ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਚ ਬੀਜੇਪੀ ਆਪਣਾ ਚੰਗਾ ਆਧਾਰ ਸਮਝਦੀ ਐ। ਇਸੇ ਕਰਕੇ ਭਾਰਤੀ ਜਨਤਾ ਪਾਰਟੀ ਆਗੂਆਂ ਦੇ ਬਿਆਨ ਵੀ ਆਏ ਦਿਨੀਂ ਸਾਹਮਣੇ ਆ ਰਹੇ ਨੇ। ਤੇ ਹੁਣ ਇਹ ਬਿਆਨਬਾਜ਼ੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਸ ਨਹੀਂ ਆ ਰਹੀਆਂ। ਇਸੇ ਕਰਕੇ ਹੁਣ ਸੁਖਬੀਰ ਇਹਨ੍ਹਾਂ ਲੀਡਰਾਂ ਤੋਂ ਕਾਫੀ ਖਫਾ ਦਿਖਾਈ ਦੇ ਰਹੇ ਨੇ। ਤੇ ਮੰਨਿਆਂ ਇਹ ਵੀ ਜਾ ਰਿਹੈ ਕਿ ਇਹਨਾ ਸਬੰਧਾਂ ਚ ਚੱਲ ਰਹੀ ਖਿੱਚੋਤਾਨ ਕਰਕੇ ਹੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਜਿਸ ਦੌਰਾਨ ਇਸ ਮਾਮਲੇ ਤੇ ਚਰਚਾ ਕੀਤੀ ਜਾ ਸਕਦੀ ਐ।

ਦਰਅਸਲ ਭਾਜਪਾ ਦੇਸ਼ ਅੰਦਰ ਆਪਣਾ ਚੰਗਾ ਆਧਾਰ ਬਣਾ ਚੁੱਕੀ ਐ ਤੇ ਹੁਣ ਕੇਂਦਰ ਵਿੱਚ ਭਾਜਪਾ ਦੀ ਦੂਜੀ ਵਾਰ ਐਂਟਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹੌਂਸਲੇ ਜ਼ਰੂਰ ਬੁਲੰਦ ਹੋ ਚੁੱਕੇ ਨੇ । ਇਹ ਬਿਆਨਬਾਜ਼ੀਆਂ ਦਾ ਸਿਲਸਲਾ ਕੋਈ ਨਵਾਂ ਮਾਮਲਾ ਨਹੀਂ ਹੈ …ਸ਼੍ਰੌਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਕਾਰਜਕਾਲ ਚ ਵੀ ਭਾਜਪਾ ਆਗੂ ਇਲਜ਼ਾਮ ਲਗਾਉਂਦੇ ਰਹੇ ਨੇ ਕਿ ਸਰਕਾਰ ਚ ਭਾਜਪਾ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਨਾਲ ਹੀ ਉਸ ਵੇਲੇ ਭਾਜਪਾ ਦਾ ਡਿਪਟੀ ਸੀਐਮ ਲਗਾਉਣ ਦੀ ਮੰਗ ਵੀ ਜ਼ੋਰਾਂ ਸ਼ੋਰਾਂ ਨਾਲ ਉਠੀ ਸੀ।  ਪਰ ਸਾਲ 2017 ਦੌਰਾਨ ਉਸ ਵੇਲੇ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਦਾ ਵਿਰੋਧ  ਵੀ ਅਕਾਲੀ ਭਾਜਪਾ ਦੇ ਗਠਜੋੜ ਤੇ ਕੋਈ ਬਹੁਤਾ ਪ੍ਰਭਾਵ  ਇਸ ਲਈ ਨਹੀਂ ਪਾ ਸਕਿਆ ਕਿਉਂਕਿ ਬਾਦਲਾਂ ਦੀ ਸਾਂਝ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਬਹੁਤ ਪੁਰਾਣੀ ਹੈ ਤੇ ਮੋਦੀ, ਰਾਜਨਾਥ, ਤੇ ਅਮਿਤ ਸ਼ਾਹ ਵਰਗੇ ਆਗੂ ਵੱਡੇ ਬਾਦਲ ਦਾ ਦਿਲੋਂ ਸਤਿਕਾਰ ਕਰਦੇ ਹਨ। ਕੁਝ ਮਹੀਨੇ ਪਹਿਲਾਂ ਵੀ ਭਾਜਪਾ ਵਲੋਂ ਉਨ੍ਹਾਂ ਹਲਕਿਆਂ ਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਸੀ ਜਿਹੜੇ ਹਲਕੇ ਟਿਕਟਾਂ ਦੀ ਵੰਡ ਅਨੁਸਾਰ ਸ਼ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੇ ਨੇ।  ਭਾਜਪਾ ਤੇ ਅਕਾਲੀ ਦਲ ਦੇ ਸਾਂਝੇ ਗ੍ਰਠਜੋੜ ਅਨੁਸਾਰ ਅਕਾਲੀ ਦਲ ਦੇ ਹਿੱਸੇ 94 ਸੀਟਾਂ ਤੇ ਭਾਜਪਾ ਨੂੰ 23 ਵਿਧਾਨ ਸਭਾ ਸੀਟਾਂ ‘ਦਿੱਤੀਆਂ ਗਈਆਂ ਹਨ। ਪਰ ਤੇਜੀ ਨਾਲ ਬਦਲੇ ਸਮੀਕਰਨਾਂ ਤੋਂ ਬਾਅਦ ਹੁਣ ਭਾਜਪਾ ਵਾਲੇ ਆਪਣੇ ਕੋਟੇ ਦੀਆਂ ਸੀਟਾਂ ਨੂੰ ਵਧਾਉਣ ਦੀ ਮੰਗ ਕਰਨ ਲੱਗ ਪਏ ਹਨ ਤੇ ਇਹ ਮੰਗ ਭਾਜਪਾ ਹਾਈਕਮਾਨ ਕੋਲ ਵੀ ਪਹੁੰਚ ਚੁਕੀ ਹੈ। ਅਕਾਲੀ ਭਾਜਪਾ ਦੀ ਪਿਛਲੀ ਸਰਕਾਰ ਦੇ ਕਾਰਜਕਾਲ ਵੇਲੇ ਵੀ ਅਕਾਲੀ ਦਲ ਦਾ ਭਾਜਪਾ ਆਗੂਆਂ ਨੇ ਕਾਫੀ ਵਿਰੋਧ ਕੀਤਾ ਸੀ।

- Advertisement -

ਦੱਸ ਦਈਏ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਪਣੇ 10 ਸੀਟਾਂ ਦੇ ਕੋਟੇ ਵਿੱਚੋਂ ਸਿਰਫ ਦੋ ਸੀਟਾਂ ਹੀ ਜਿੱਤ ਸਕੀ ਹੈ ਤੇ ਭਾਜਪਾ ਵਾਲਿਆਂ ਨੇ ਆਪਣੇ 3 ਸੀਟਾਂ ਦੇ ਕੋਟੇ ਵਿੱਚੋਂ ਵੀ 2 ਕੱਢ ਲਈਆਂ ਹਨ ਉਸ ਨੂੰ ਦੇਖਦਿਆਂ ਭਾਜਪਾ ਵਾਲਿਆਂ ਦੇ ਹੌਸਲੇ ਪੂਰੇ ਬੁਲੰਦ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਵੱਲੋਂ ਸਾਲ 2024 ਤੱਕ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਸ਼ਾਇਦ ਇਸੇ ਟੀਚੇ ਤਹਿਤ ਕੰਮ ਕਰਦਿਆਂ ਪੰਜਾਬ ਭਾਜਪਾ ਨੇ ਵੀ ਸੂਬੇ ਅੰਦਰ ਜੋਰਾਂ ਸ਼ੋਰਾਂ ਨਾਲ ਮੈਂਬਰਸ਼ਿੱਪ ਅਭਿਆਨ ਚਲਾ ਰੱਖਿਆ ਹੈ। ਇਸ ਅਭਿਆਨ ਤੋਂ ਭਾਜਪਾ ਵਾਲਿਆਂ ਨੂੰ ਮਿਲੇ ਰਹੇ ਜੋਰ ਦਾਰ ਹੁੰਗਾਰੇ ਨੇ ਭਾਜਪਾ ਦੀ ਸੂਬਾ ਲੀਡਰਸ਼ਿੱਪ ਨੂੰ ਇਹ ਬਿਆਨ ਦੇਣ ਲਈ ਉਕਸਾ ਦਿੱਤਾ ਹੈ ਕਿ ਸਾਲ 2022 ਦੀਆਂ ਚੋਣਾਂ ਭਾਜਪਾ ਵਾਲੇ ਆਪਣੇ ਦਮ ‘ਤੇ ਵੀ ਲੜ ਸਕਦੇ ਹਨ ਤੇ ਇਹੋ ਗੱਲ ਸੁਖਬੀਰ ਤੇ ਅਕਾਲੀ ਦਲ ਦੀ ਹੋਰ ਲੀਡਰਸ਼ਿੱਪ ਨੂੰ ਚੁਭ ਰਹੀ ਹੈ।  ਤਾਹੀਓਂ ਇਹ ਗੱਲਾਂ ਨਿੱਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੀ ਸੂਬਾ ਇਕਾਈ ਦੀ ਸ਼ਿਕਾਇਤ ਕੇਂਦਰੀ ਲੀਡਰਸ਼ਿੱਪ ਕੋਲ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਪੂਰੇ ਦੇਸ਼ ਤੋਂ ਇਲਾਵਾ ਪੰਜਾਬ  ਵਿੱਚ ਵੀ ਭਾਜਪਾ ਨੂੰ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਣ ਦੇ ਬਾਵਜੂਦ ਵੀ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਬਾਦਲਾਂ ਨਾਲ ਆਪਣੀ ਪੁਰਾਣੀ ਸਾਂਝ ਪੁਗਾਏਗੀ ਜਾਂ ਰਾਜਨੀਤੀ ਵਿੱਚ ਕੋਈ ਕਿਸੇ ਦਾ ਨਹੀਂ ਵਾਲੀ ਕਹਾਵਤ ਇੱਥੇ ਵੀ ਸੱਚ ਹੋ ਨਿੱਬੜੇਗੀ।

Share this Article
Leave a comment