ਲੰਦਨ: ਬ੍ਰਿਟੇਨ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੀ ਉਪ-ਨੇਤਾ ਐਂਜੇਲਾ ਰੇਨਰ ਨੂੰ ਟੈਕਸ ਚੋਰੀ ਦੇ ਮਾਮਲੇ ’ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਮਾਮਲਾ ਹੋਵ (Hove) ’ਚ ਖਰੀਦੇ ਗਏ ਇੱਕ ਅਪਾਰਟਮੈਂਟ ਨਾਲ ਜੁੜਿਆ ਹੈ, ਜਿੱਥੇ ਸਟੈਂਪ ਡਿਊਟੀ ਟੈਕਸ ਦੇ ਭੁਗਤਾਨ ’ਚ ਗੜਬੜੀ ਸਾਹਮਣੇ ਆਈ ਹੈ।
ਸੁਤੰਤਰ ਜਾਂਚ ’ਚ ਖੁਲਾਸਾ
ਸੁਤੰਤਰ ਜਾਂਚ ’ਚ ਪਾਇਆ ਗਿਆ ਕਿ ਐਂਜੇਲਾ ਰੇਨਰ ਨੇ ਮੰਤਰੀ ਆਚਾਰ ਸੰਹਿਤਾ ਦੀ ਪੂਰੀ ਪਾਲਣਾ ਨਹੀਂ ਕੀਤੀ। ਹਾਲਾਂਕਿ, ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਰੇਨਰ ਨੇ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕੀਤਾ, ਪਰ ਉਨ੍ਹਾਂ ਨੂੰ ਟੈਕਸ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਸੀ।
“ਸਹੀ ਟੈਕਸ ਭਰਨਾ ਚਾਹੁੰਦੀ ਸੀ” – ਰੇਨਰ
ਰੇਨਰ ਨੇ ਮੰਨਿਆ ਕਿ ਉਨ੍ਹਾਂ ਨੇ ਅਪਾਰਟਮੈਂਟ ਖਰੀਦਦੇ ਸਮੇਂ ਘੱਟ ਟੈਕਸ ਅਦਾ ਕੀਤਾ। ਰਿਪੋਰਟਾਂ ਮੁਤਾਬਕ, ਉਹ 40,000 ਪਾਊਂਡ (ਕਰੀਬ 47 ਲੱਖ ਰੁਪਏ) ਦੀ ਸਟੈਂਪ ਡਿਊਟੀ ਬਚਾਉਣ ’ਚ ਕਾਮਯਾਬ ਰਹੀਆਂ। ਅਸਤੀਫੇ ਦੇ ਪੱਤਰ ’ਚ ਰੇਨਰ ਨੇ ਲਿਖਿਆ, “ਮੈਨੂੰ ਡੂੰਘਾ ਅਫਸੋਸ ਹੈ ਕਿ ਮੈਂ ਟੈਕਸ ਮਾਹਰਾਂ ਦੀ ਸਲਾਹ ਨਹੀਂ ਲਈ। ਮੇਰੀ ਨੀਅਤ ਕਦੇ ਵੀ ਗਲਤ ਟੈਕਸ ਭਰਨ ਦੀ ਨਹੀਂ ਸੀ। ਮੈਂ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਜਾਂਚ ਦੀਆਂ ਸਿਫਾਰਸ਼ਾਂ ਅਤੇ ਪਰਿਵਾਰ ’ਤੇ ਪੈ ਰਹੇ ਅਸਰ ਨੂੰ ਵੇਖਦੇ ਹੋਏ ਲਿਆ ਗਿਆ।
ਪ੍ਰਧਾਨ ਮੰਤਰੀ ਸਟਾਰਮਰ ਦਾ ਬਿਆਨ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰੇਨਰ ਦਾ ਅਸਤੀਫਾ ਸਵੀਕਾਰ ਕਰਦਿਆਂ ਇੱਕ ਹੱਥ ਲਿਖਤ ਪੱਤਰ ਭੇਜਿਆ। ਉਨ੍ਹਾਂ ਕਿਹਾ, “ਮੈਨੂੰ ਦੁੱਖ ਹੈ ਕਿ ਤੁਹਾਡਾ ਕਾਰਜਕਾਲ ਇਸ ਤਰ੍ਹਾਂ ਖਤਮ ਹੋਇਆ। ਤੁਸੀਂ ਸਹੀ ਕੀਤਾ ਜਦੋਂ ਤੁਸੀਂ ਆਪਣੇ ਆਪ ਨੂੰ ਸੁਤੰਤਰ ਸਲਾਹਕਾਰ ਨੂੰ ਸੌਂਪਿਆ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ’ਤੇ ਅਮਲ ਕੀਤਾ।”
ਰੇਨਰ ਲੇਬਰ ਸਰਕਾਰ ’ਚ ਨਾ ਸਿਰਫ ਡਿਪਟੀ ਪ੍ਰਧਾਨ ਮੰਤਰੀ ਅਤੇ ਉਪ-ਨੇਤਾ ਸਨ, ਸਗੋਂ ਹਾਊਸਿੰਗ ਵਿਭਾਗ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਸੀ। ਉਹ ਪਾਰਟੀ ਦੀਆਂ ਸਭ ਤੋਂ ਮੁਖਰ ਨੇਤਾਵਾਂ ’ਚੋਂ ਇੱਕ ਸਨ ਅਤੇ ਅਕਸਰ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ’ਤੇ ਟੈਕਸ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲਾਉਂਦੀਆਂ ਸਨ। ਹੁਣ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਲੇਬਰ ਪਾਰਟੀ ਨੂੰ ਨਵਾਂ ਉਪ-ਨੇਤਾ ਚੁਣਨਾ ਪਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।