16ਵੀਂ ਸਦੀ ਦੇ ਮਹਾਨ ਖੋਜੀ – ਡਾਕਟਰ ਐਂਡਰੀਆਸ ਵੈਸਾਲੀਅਸ

TeamGlobalPunjab
2 Min Read

-ਅਵਤਾਰ ਸਿੰਘ

16 ਵੀਂ ਸਦੀ ਵਿੱਚ ਬੈਲਜੀਅਮ ਦੇ ਇਕ ਡਾਕਟਰ ਐਂਡਰੀਆਸ ਵੈਸਾਲੀਅਸ ਨੇ ਚੁਣੌਤੀ ਦੇ ਕੇ ਸਮਾਜਿਕ ਤੇ ਧਾਰਮਿਕ ਵਿਰੋਧਾਂ ਦੇ ਬਾਵਜੂਦ ਮੁਰਦਾ ਮਨੁੱਖ ਦੀ ਚੀਰਫਾੜ ਕਰਕੇ ਮਨੁੱਖੀ ਸਰੀਰ ਬਾਰੇ ਨਵੀਂ ਜਾਣਕਾਰੀ ਲੋਕਾਂ ਸਾਹਮਣੇ ਰੱਖੀ।ਡਾਕਟਰ ਵੈਸਾਲੀਅਸ ਦਾ ਜਨਮ 31 ਦਸੰਬਰ 1514 ਨੂੰ ਬੈਲਜੀਅਮ ਦੇ ਸ਼ਹਿਰ ਫਲੈਮਿਸ਼ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਫਾਰਮਾਸਿਸਟ ਸਨ ਉਹਨਾਂ ਨੇ ਮੈਡੀਕਲ ਪੜਾਈ ਲਈ ਪ੍ਰੇਰਿਆ। 1537 ਵਿੱਚ ਇਟਲੀ ਦੀ ਯੂਨੀਵਰਸਿਟੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰਕੇ ਉਥੇ ਹੀ ਸਰੀਰ ਰਚਨਾ ਵਿਭਾਗ ਵਿੱਚ ਪ੍ਰੋਫੈਸਰ ਲੱਗ ਗਏ। ਉਹ ਸਮਝਦੇ ਸਨ ਕਿ ਜਾਨਵਰਾਂ ਤੋਂ ਕੀਤੀ ਜਾਣਕਾਰੀ ਮਨੁੱਖੀ ਸਰੀਰ ਬਾਰੇ ਸਹੀ ਨਹੀਂ ਹੋ ਸਕਦੀ। ਰੋਮਨ ਕੈਥੋਲਿਕ ਚਰਚ ਦੇ ਪੁਜਾਰੀਆਂ ਵਲੋਂ ਲਾਈਆਂ ਧਾਰਮਿਕ ਬੰਦਸਾਂ ਕਾਰਣ ਮਨੁੱਖੀ ਸਰੀਰ ਦੀ ਚੀਰਫਾੜ ਕਰਨੀ ਸੌਖੀ ਨਹੀਂ ਸੀ। ਉਹ ਵਿਰੋਧਾਂ ਦੇ ਬਾਵਜੂਦ ਮੁਰਦਿਆਂ ਦੀ ਚੀਰਫਾੜ ਕਰਦੇ ਰਹੇ।ਖੋਜਾਂ ਦੇ ਅਧਾਰ ਤੇ ਸਰੀਰ ਅੰਦਰਲੇ ਅੰਗਾਂ, ਖੂਨ ਦੀਆਂ ਨਾੜਾਂ, ਦਿਮਾਗੀ ਨਸਾਂ, ਮਾਸ ਪੇਸ਼ੀਆਂ ਤੇ ਹੱਡੀਆਂ ਬਾਰੇ ਜਾਣਕਾਰੀ ਕਲਮਬੰਦ ਕੀਤੀ।

1543 ਵਿੱਚ ਉਹਨਾਂ ਨੇ ਮਨੁੱਖੀ ਸਰੀਰ ਰਚਨਾ ਉਪਰ ਪ੍ਰਸਿੱਧ ਕਿਤਾਬ ‘ਡੀ ਹਿਊਮਨੀ ਕਾਰਪੋਰਿਸ ਫੈਬਰਿਕਾ’ ਲਿਖੀ। ਮੈਡੀਕਲ ਖੇਤਰ ਵਿੱਚ ਇਸ ਪੁਸਤਕ ਨੇ ਭਰਮ ਭੁਲੇਖਿਆਂ ਨੂੰ ਤੋੜਦਿਆਂ ਨਵੀਂ ਕ੍ਰਾਂਤੀ ਲਿਆਂਦੀ।

ਇਸ ਪ੍ਰਸਿੱਧੀ ਕਾਰਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਲੋਂ ਵਿਰੋਧ ਕੀਤੇ ਜਾਣ ‘ਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹ ਸਪੇਨ ਦੇ ਸਮਰਾਟ ਚਾਰਲਿਸ-5 ਤੇ ਉਸਦੇ ਪੁੱਤਰ ਦੇ ਨਿੱਜੀ ਡਾਕਟਰ ਲੱਗ ਗਏ। ਉਹਨਾਂ ਦੀਆਂ ਖੋਜਾਂ ਨੇ ਸਿਹਤ ਵਿਗਿਆਨ ਦੇ ਖੇਤਰ ਵਿਚ ਸਰੀਰ ਕਿਰਿਆ ਵਿਗਿਆਨ, ਰੋਗ ਵਿਗਿਆਨ ਤੇ ਹੋਰਾਂ ਵਿਸ਼ਿਆਂ ‘ਚ ਅਗਲੇਰੀ ਖੋਜ ਲਈ ਰਾਹ ਖੋਲ੍ਹ ਦਿੱਤਾ। ਉਹਨਾਂ ਦਾ 15 ਅਕਤੂਬਰ ਨੂੰ 50 ਸਾਲ ਦੀ ਉਮਰ ਵਿਚ 1564 ਵਿੱਚ ਦੇਹਾਂਤ ਹੋ ਗਿਆ।

Share This Article
Leave a Comment