ਆਂਧਰਾ ਪ੍ਰਦੇਸ਼: ਕੁਰਨੂਲ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਦੁਰਘਟਨਾ ਮੰਤਰਾਲਯਮ ਮੰਡਲ ਦੇ ਚਿਲਕਲਾਡੋਨਾ ਨੇੜੇ ਉਸ ਸਮੇਂ ਵਾਪਰੀ, ਜਦੋਂ ਇੱਕ ਵਾਹਨ ਦੀ ਟੱਕਰ ਇੱਕ ਲਾਰੀ (ਟਰੱਕ) ਨਾਲ ਹੋ ਗਈ। ਪੁਲਿਸ ਅਨੁਸਾਰ, ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਕਰੀਬ 10 ਤੋਂ 12 ਲੋਕ ਜ਼ਖਮੀ ਵੀ ਹੋਏ ਹਨ।
ਦੱਸਿਆ ਜਾ ਰਿਹਾ ਕਿ ਇਸ ਹਾਦਸੇ ‘ਚ ਸ਼ਰਧਾਲੂਆਂ ਨੂੰ ਪ੍ਰਾਚੀਨ ਸ਼੍ਰੀ ਰਾਘਵੇਂਦਰ ਸਵਾਮੀ ਮੱਠ ਮੰਤਰਾਲਾਯਮ ਲਿਜਾ ਰਹੀ ਇੱਕ ਲਾਰੀ ਦੀ ਉਲਟ ਦਿਸ਼ਾ ਤੋਂ ਆ ਰਹੇ ਫਲਾਈ-ਐਸ਼ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਸਮੇਂ ਗੱਡੀ ਵਿੱਚ 21 ਲੋਕ ਸਵਾਰ ਸਨ, ਜੋ ਸਾਰੇ ਦਰਸ਼ਨ ਲਈ ਮੰਤਰਾਲਾਯਮ ਜਾ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਅੱਠ ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਪੰਜ ਔਰਤਾਂ, ਇੱਕ ਤਿੰਨ ਸਾਲ ਦੀ ਬੱਚੀ ਅਤੇ ਦੋ ਪੁਰਸ਼ ਸ਼ਾਮਲ ਸਨ।
ਸੂਚਨਾ ਮਿਲਣ ‘ਤੇ ਪੁਲਿਸ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮੀਗਨੂਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀੜਤ ਕਰਨਾਟਕ ਦੇ ਚਿੱਕਬੱਲਾਪੁਰ ਜ਼ਿਲ੍ਹੇ ਦੇ ਤਾਰੀਕੇ ਤਾਲੁਕ ਦੇ ਉਦੈ ਪਿੰਡ ਦੇ ਵਸਨੀਕ ਹਨ। ਕਥਿਤ ਤੌਰ ‘ਤੇ ਉਨ੍ਹਾਂ ਨੇ ਮੰਤਰਾਲਾਯਮ ਦੀ ਯਾਤਰਾ ਲਈ ਵਾਹਨ ਕਿਰਾਏ ‘ਤੇ ਲਿਆ ਸੀ। ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ – “ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਹੋਈ ਦੁਰਘਟਨਾ ਬੇਹੱਦ ਦੁਖਦਾਈ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਹਰੇਕ ਮ੍ਰਿਤਕ ਦੇ ਵਾਰਸਾਂ ਨੂੰ PMNRF ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।”

