ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਪੁਲੀਸ ਅਤੇ ਕਥਿਤ ਮੋਸਟ ਵਾਂਟੇਡ ਗੈਂਗਸਟਰ ਵਿਚਕਾਰ ਮੁਕਾਬਲਾ ਹੋ ਗਿਆ। ਪੁਲੀਸ ਮੁਤਾਬਕ, ਰੋਕਣ ਦੀ ਕੋਸ਼ਿਸ਼ ਦੌਰਾਨ ਗੈਂਗਸਟਰ ਨੇ ਪੁਲੀਸ ਟੀਮ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਹਰਮਨ ਭੋਪਾ ਰਾਏ ਦੀ ਲੱਤ ਵਿੱਚ ਗੋਲੀ ਲੱਗ ਗਈ। ਪੁਲੀਸ ਨੇ ਉਸ ਨੂੰ ਮੌਕੇ ਤੋਂ ਕਾਬੂ ਕਰਕੇ ਇਲਾਜ ਲਈ ਹਸਪਤਾਲ ਪਹੁੰਚਾਇਆ।
ਪੁਲੀਸ ਨੇ ਮੁਲਜ਼ਮ ਦੀ ਪਛਾਣ ਹਰਮਨ ਸਿੰਘ ਉਰਫ਼ ਹਰਮਨ ਭੋਪਾ ਰਾਏ, ਵਾਸੀ ਬੋਪਾਰਾਏ ਵਜੋਂ ਕੀਤੀ ਹੈ। ਪੁਲੀਸ ਅਨੁਸਾਰ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਗੁਰਦਾਸਪੁਰ ਦੇ ਹਨੁਮਾਨ ਚੌਕ ਵਿੱਚ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਵੀ ਨਾਮਜ਼ਦ ਹੈ। ਇੱਕ ਮਾਮਲੇ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੀ ਗੱਲ ਵੀ ਪੁਲੀਸ ਨੇ ਕਹੀ ਹੈ।
ਗੁਪਤ ਸੂਚਨਾ ਮਗਰੋਂ ਲਾਇਆ ਗਿਆ ਨਾਕਾ
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕਵਲਪ੍ਰੀਤ ਸਿੰਘ ਚਾਹਲ ਮੁਤਾਬਕ, ਥਾਣਾ ਮੱਤੇਵਾਲ ਇਲਾਕੇ ਵਿੱਚ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਚੱਲ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਹਰਮਨ ਭੋਪਾ ਰਾਏ ਇਲਾਕੇ ਵਿੱਚ ਆਉਣ ਵਾਲਾ ਹੈ।
ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਭੌਆ ਵਾਲੇ ਪਾਸੇ ਤੋਂ ਚੁਗਾਵਾਂ ਵੱਲ ਆਉਣ ਵਾਲੇ ਰਸਤੇ ’ਤੇ ਸੂਏ ਨੇੜੇ ਨਾਕਾਬੰਦੀ ਕੀਤੀ। ਪੁਲੀਸ ਮੁਤਾਬਕ ਹਰਮਨ ਸਪਲੈਂਡਰ ਮੋਟਰਸਾਈਕਲ ’ਤੇ ਇਕੱਲਾ ਉੱਥੇ ਪਹੁੰਚਿਆ।
ਰੁਕਣ ਦਾ ਇਸ਼ਾਰਾ ਕਰਨ ’ਤੇ ਚਲਾਈਆਂ ਗੋਲੀਆਂ
ਪੁਲੀਸ ਅਨੁਸਾਰ ਟੀਮ ਨੇ ਹਰਮਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਨਹੀਂ ਰੁਕਿਆ ਅਤੇ ਪੁਲੀਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਐੱਸਐੱਸਪੀ ਮੁਤਾਬਕ ਉਸ ਵੱਲੋਂ ਕਰੀਬ 3 ਤੋਂ 4 ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਐੱਸਐੱਸਪੀ ਦਲਜੀਤ ਸਿੰਘ ਦੀ ਬਾਂਹ ਦੇ ਨੇੜਿਓਂ ਲੰਘ ਗਈ।
ਪੁਲੀਸ ਨੇ ਦੱਸਿਆ ਕਿ ਟੀਮ ਨੇ ਪਹਿਲਾਂ ਹਰਮਨ ਨੂੰ ਰੋਕਣ ਲਈ ਹਵਾਈ ਫਾਇਰ ਕੀਤਾ ਅਤੇ ਮੁੜ ਰੁਕਣ ਦਾ ਇਸ਼ਾਰਾ ਕੀਤਾ। ਇਸ ਦੇ ਬਾਵਜੂਦ ਜਦੋਂ ਉਹ ਨਹੀਂ ਰੁਕਿਆ ਤਾਂ ਪੁਲੀਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ। ਇਸ ਦੌਰਾਨ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ।
ਜ਼ਖ਼ਮੀ ਹੋਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।
ਮੌਕੇ ਤੋਂ ਕਾਰਤੂਸ ਅਤੇ ਪਿਸਤੌਲ ਬਰਾਮਦ
ਐੱਸਐੱਸਪੀ ਮੁਤਾਬਕ ਮੁਕਾਬਲੇ ਦੌਰਾਨ ਹਰਮਨ ਵੱਲੋਂ ਕਰੀਬ 3-4 ਅਤੇ ਪੁਲੀਸ ਵੱਲੋਂ ਕਰੀਬ 3 ਫਾਇਰ ਕੀਤੇ ਗਏ। ਮੌਕੇ ਤੋਂ ਇੱਕ ਜ਼ਿੰਦਾ ਕਾਰਤੂਸ ਅਤੇ ਕੁਝ ਖਾਲੀ ਕਾਰਤੂਸ ਬਰਾਮਦ ਹੋਏ ਹਨ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ।
ਪੁਲੀਸ ਮੁਤਾਬਕ ਹਰਮਨ ਸਿੰਘ ਉਰਫ਼ ਹਰਮਨ ਭੋਪਾ ਰਾਏ ਖ਼ਿਲਾਫ਼ ਸਨੈਚਿੰਗ, ਕਤਲ ਦੀ ਕੋਸ਼ਿਸ਼ ਅਤੇ BNS ਦੀ ਧਾਰਾ 109 ਨਾਲ ਸਬੰਧਤ ਮਾਮਲੇ ਦਰਜ ਹਨ। ਉਹ ਗੁਰਦਾਸਪੁਰ ਦੇ ਹਨੁਮਾਨ ਚੌਕ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਵੀ ਨਾਮਜ਼ਦ ਦੱਸਿਆ ਗਿਆ ਹੈ।
ਐੱਸਐੱਸਪੀ ਕਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਹਸਪਤਾਲ ਤੋਂ ਇਲਾਜ ਮਗਰੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਪੁਲੀਸ ਉਸ ਤੋਂ ਪੁਰਾਣੇ ਮਾਮਲਿਆਂ, ਹਥਿਆਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਪੁੱਛਗਿੱਛ ਕਰੇਗੀ।

