ਅੰਮ੍ਰਿਤਸਰ: ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਲਗਭਗ ਸੱਤ ਮਹੀਨਿਆਂ ਬਾਅਦ ਸੇਵਾ ਮੁੜ ਸ਼ੁਰੂ ਹੋ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਇੱਕ ਸਮਾਰੋਹ ਦੌਰਾਨ ਇਸ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੇਲਗੱਡੀ ਦਾ ਪਹਿਲਾਂ ਵੀ ਸੰਚਾਲਨ ਕੀਤਾ ਜਾ ਚੁੱਕਾ ਹੈ। ਪਰ ਰੂਟ ਬਦਲਣ ਕਾਰਨ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਯਾਤਰੀਆਂ ਦਾ ਇੱਕ ਘੰਟੇ ਦਾ ਯਾਤਰਾ ਸਮਾਂ ਬਚੇਗਾ।
ਇਸ ਮੌਕੇ ਸ੍ਰੀ ਬਿੱਟੂ ਨੇ ਕਿਹਾ ਕਿ ਰੇਲ ਸੰਪਰਕ, ਧਾਰਮਿਕ ਸੈਰ-ਸਪਾਟੇ ਅਤੇ ਯਾਤਰੀ ਸਹੂਲਤਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੰਮ੍ਰਿਤਸਰ–ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਨਵੇਂ ਰੂਟ ‘ਤੇ ਚਲਾਇਆ ਗਿਆ ਹੈ। ਸੋਧੇ ਗਏ ਰੂਟ ‘ਤੇ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਭਾਰਤੀ ਰੇਲਵੇ ਦੇ ਲਗਾਤਾਰ ਆਧੁਨਿਕੀਕਰਨ ਦੇ ਯਤਨਾਂ ਵਿੱਚ ਇੱਕ ਹੋਰ ਮੀਲ ਪੱਥਰ ਹੈ। ਪਵਿੱਤਰ ਨਗਰੀ ਅੰਮ੍ਰਿਤਸਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨੂੰ ਜੋੜਨ ਵਾਲੀ ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਅਤੇ ਹੋਰ ਆਰਾਮਦਾਇਕ ਯਾਤਰਾ ਮੁਹੱਈਆ ਕਰੇਗੀ।
ਨਵੇਂ ਰੂਟ ਕਾਰਨ ਯਾਤਰਾ ਦੀ ਦੂਰੀ ਵਿੱਚ ਲਗਪਗ 84 ਕਿਲੋਮੀਟਰ ਦੀ ਕਮੀ ਆਵੇਗੀ ਅਤੇ ਯਾਤਰਾ ਸਮੇਂ ਵਿੱਚ ਤਕਰੀਬਨ 40 ਮਿੰਟ ਦੀ ਬਚਤ ਹੋਵੇਗੀ। 283 ਕਿਲੋਮੀਟਰ ਦਾ ਸਫ਼ਰ ਕਰੀਬ ਪੰਜ ਘੰਟਿਆਂ ਵਿੱਚ ਤੈਅ ਕਰਨ ਵਾਲੀ ਇਹ ਰੇਲਗੱਡੀ ਆਧੁਨਿਕ ਏ.ਸੀ. ਚੇਅਰ ਕਾਰ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਕੋਚਾਂ ਨਾਲ ਲੈਸ ਹੈ, ਜੋ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰੇਗੀ।
ਇਹ ਸੇਵਾ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਸ੍ਰੀ ਰਾਮ ਤੀਰਥ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਨੂੰ ਜੋੜਨ ਵਾਲੇ ਧਾਰਮਿਕ ਸੈਰ-ਸਪਾਟਾ ਸਰਕਿਟ ਨੂੰ ਹੋਰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਇਹ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟੇ, ਵਪਾਰਕ ਗਤੀਵਿਧੀਆਂ, ਕਾਰੋਬਾਰ ਅਤੇ ਆਰਥਿਕ ਵਿਕਾਸ ਨੂੰ ਵੀ ਨਵੀਂ ਗਤੀ ਪ੍ਰਦਾਨ ਕਰੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

