ਵਾਸ਼ਿੰਗਟਨ : ਅਮਰੀਕਾ ਦੀ ਜਾਂਚ ਏਜੰਸੀ FBI ਨੇ ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ ਆਪਣੀ ‘ਮੋਸਟ ਵਾਂਟੇਡ’ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ‘ਤੇ ਅੰਤਰਰਾਸ਼ਟਰੀ ਡਰੱਗਜ਼ ਤਸਕਰੀ ਨੈੱਟਵਰਕ ਨਾਲ ਜੁੜੇ ਹੋਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਉਹ ‘ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ’ (ਸੰਗਠਿਤ ਅਪਰਾਧ ਗਿਰੋਹ) ਦਾ ਵੀ ਮੈਂਬਰ ਹੈ।
ਇਹ ਗਿਰੋਹ ਕੈਨੇਡਾ ਦੇ ਵੈਨਕੂਵਰ ਤੋਂ ਚਲਾਇਆ ਜਾਂਦਾ ਸੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਡਰੱਗ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। FBI ਦਾ ਕਹਿਣਾ ਹੈ ਕਿ ਇਹ ਗਿਰੋਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਗਰਮ ਵੱਖ-ਵੱਖ ਡਰੱਗ ਤਸਕਰੀ ਸੰਗਠਨਾਂ ਤੱਕ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਸਪਲਾਈ ਕਰਦਾ ਸੀ।
23 ਜੂਨ 2026 ਨੂੰ ਲਾਸ ਏਂਜਲਸ ਦੀ ਸੰਘੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਫ਼ੈਡਰਲ ਅਰੈਸਟ ਵਾਰੰਟ ਜਾਰੀ ਕੀਤਾ ਸੀ। FBI ਅਨੁਸਾਰ ਉਸ ਦੀ ਜਨਮ ਮਿਤੀ 7 ਜਨਵਰੀ 1996 ਹੈ ਅਤੇ ਉਹ ਭਾਰਤੀ ਨਾਗਰਿਕ ਹੈ। ਏਜੰਸੀ ਨੇ ਉਸ ਦੀ ਪਛਾਣ ਲਈ 2024 ਦੀ ਤਸਵੀਰ ਵੀ ਜਾਰੀ ਕੀਤੀ ਹੈ। ਏਜੰਸੀ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦਾ ਕੱਦ 5 ਫੁੱਟ 9 ਇੰਚ ਹੈ।
FBI ਫ਼ਿਲਹਾਲ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਏਜੰਸੀ ਨੇ ਉਸ ਦੇ ਬਾਰੇ ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਮਾਮਲੇ ਦੀ ਜਾਂਚ ਫ਼ਿਲਹਾਲ FBI ਦਾ ਲਾਸ ਏਂਜਲਸ ਫੀਲਡ ਆਫ਼ਿਸ ਕਰ ਰਿਹਾ ਹੈ।
ਇਸ ਤੋਂ ਪਹਿਲਾਂ FBI ਨੇ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਦਾ ਨਾਂ ਵੀ ‘ਮੋਸਟ ਵਾਂਟੇਡ’ (ਸਭ ਤੋਂ ਲੋੜੀਂਦੇ ਅਪਰਾਧੀਆਂ ਦੀ) ਸੂਚੀ ਵਿੱਚ ਸ਼ਾਮਲ ਕੀਤਾ ਸੀ। FBI ਨੇ ਹਰਮਨਵੀਰ ਸਿੰਘ ਦੀ ਤਸਵੀਰ ਅਤੇ ਪਛਾਣ ਨਾਲ ਜੁੜੀ ਜਾਣਕਾਰੀ ਜਨਤਕ ਕਰਦੇ ਹੋਏ ਲੋਕਾਂ ਤੋਂ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

