ਖੇਤੀ ਇੰਜਨੀਅਰਾਂ ਨੇ ਜਿੱਤੇ ਅਮਰੀਕੀ ਸੰਸਥਾ ਦੇ ਵੱਕਾਰੀ ਇਨਾਮ

TeamGlobalPunjab
2 Min Read

ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਤਿੰਨ ਸਾਬਕਾ ਵਿਦਿਆਰਥੀਆਂ ਡਾ. ਰਮੇਸ਼ ਕੰਵਰ, ਡਾ. ਸ਼ਿਵਮ ਪਰਾਸ਼ਰ ਅਤੇ ਡਾ. ਪ੍ਰਸਾਂਤਾ ਕਾਲਿਤਾ ਨੂੰ ਇਸ ਖੇਤਰ ਦੇ ਸਭ ਤੋਂ ਵੱਕਾਰੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਅਮੇਰੀਕਨ ਸੋਸਾਇਟੀ ਆਫ਼ ਐਗਰੀਕਲਚਰਲ ਐਂਡ ਬਾਇਲੋਜੀਕਲ ਇੰਜਨੀਅਰਿੰਗ ਵੱਲੋਂ ਇਨ੍ਹਾਂ ਵਿਗਿਆਨੀਆਂ ਨੂੰ ਮਾਣਮੱਤੇ ਇਨਾਮ ਦਿੱਤੇ ਗਏ।

ਉਨ੍ਹਾਂ ਇਹ ਵੀ ਦੱਸਿਆ ਕਿ 1969 ਵਿੱਚ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਡਾ. ਰਮੇਸ਼ ਕੰਵਰ ਲੋਵਾ ਸਟੇਟ ਯੂਨੀਵਰਸਿਟੀ ਦੇ ਜਲ ਸਰੋਤ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਬਹੁਤ ਸਾਰੇ ਮਾਣਮੱਤੇ ਅਹੁਦਿਆਂ ਉਪਰ ਆਪਣੀਆਂ ਮਾਹਿਰਾਨਾਂ ਅਤੇ ਪ੍ਰਸ਼ਾਸਕੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਖੇਤਰ ਦੇ ਬਹੁਤ ਸਾਰੇ ਇਨਾਮ ਹਾਸਲ ਕੀਤੇ ਜਿਨ੍ਹਾਂ ਵਿੱਚ ਜੋਨਡੀਅਰ ਗੋਲਡ ਮੈਡਲ ਵੀ ਸ਼ਾਮਲ ਹੈ। ਇਸੇ ਤਰ੍ਹਾਂ ਡਾ. ਸ਼ਿਵਮ ਪਰਾਸ਼ਰ ਨੇ 1976 ਵਿੱਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਹ ਕੈਨੇਡਾ ਦੇ ਕਿਊਬਿਕ, ਮਾਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਵਿੱਚ ਬਾਇਓ ਸੋਰਸ ਇੰਜਨੀਅਰਿੰਗ ਦੇ ਪ੍ਰੋਫੈਸਰ ਹਨ। ਆਪਣੇ ਖੇਤਰ ਦੇ ਖੋਜੀ ਵਜੋਂ ਸ੍ਰੀ ਪਰਾਸ਼ਰ ਦਾ ਅੰਤਰਰਾਸ਼ਟਰੀ ਪੱਧਰ ਤੇ ਸਥਾਨ ਹੈ।

ਉਨ੍ਹਾਂ ਨੂੰ ਪਾਣੀ ਸੰਭਾਲ ਲਈ ਦਿੱਤੀਆਂ ਸੇਵਾਵਾਂ ਵਜੋਂ ਕੈਨੈਡੀਅਨ ਸੋਸਾਇਟੀ ਆਫ਼ ਬਾਇਓ ਇੰਜਨੀਅਰਿੰਗ ਦਾ 2016 ਦਾ ਐਵਾਰਡ ਵੀ ਪ੍ਰਾਪਤ ਹੋ ਚੁੱਕਾ ਹੈ। ਡਾ. ਪ੍ਰਸਾਂਤਾ ਕਲੀਤਾ ਨੇ 1982 ਵਿੱਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਕੀਤੀ। ਉਹ ਯੂਨੀਵਰਸਿਟੀ ਆਫ਼ ਇਲੀਨੋਇਸ ਵਿਖੇ ਭੂਮੀ ਅਤੇ ਪਾਣੀ ਸਰੋਤ ਇੰਜਨੀਅਰਿੰਗ ਦੇ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ । ਉਹਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤੇ ਕਾਰਜਾਂ ਵਜੋਂ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ਸ਼ਿਵ ਪਰਾਸ਼ਰ ਅਤੇ ਡਾ. ਪ੍ਰਸਾਂਤਾ ਕਲੀਤਾ ਦੋਵੇਂ ਡਾ. ਰਮੇਸ਼ ਕੰਵਰ ਦੇ ਵਿਦਿਆਰਥੀ ਰਹੇ ਹਨ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਤਿੰਨੇ ਵਿਗਿਆਨੀਆਂ ਨੂੰ ਇਸ ਮਾਣਮੱਤੇ ਪੁਰਸਕਾਰ ਦੀ ਪ੍ਰਾਪਤੀ ਲਈ ਵਧਾਈ ਦਿੱਤੀ । ਉਹਨਾਂ ਕਿਹਾ ਕਿ ਇਸ ਨਾਲ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦਾ ਰੁਤਬਾ ਵੀ ਬੁਲੰਦ ਹੋਇਆ ਹੈ। ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਗੁਪਤਾ ਨੇ ਵੀ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

- Advertisement -

Share this Article
Leave a comment