ਅਮਰੀਕਾ ਦਾ ਈਰਾਨ ਨੂੰ ਵੱਡਾ ਝਟਕਾ! ਤੇਲ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਲਾਇਸੈਂਸ ਰੱਦ

Global Team
3 Min Read

ਅਮਰੀਕਾ: ਈਰਾਨ – ਅਮਰੀਕਾ ਵਿਚਾਲੇ ਜਾਰੀ ਭਿਆਨਕ ਫ਼ੌਜੀ ਅਤੇ ਸਿਆਸੀ ਤਣਾਅ ਦਰਮਿਆਨ ਸਟ੍ਰੇਟ ਆਫ਼ ਹਾਰਮੁਜ਼ ਇੱਕ ਵਾਰ ਫਿਰ ਸੁਲਗ ਉੱਠਿਆ ਹੈ। 24 ਘੰਟਿਆਂ ਦੇ ਅੰਦਰ ਸਟ੍ਰੇਟ ਆਫ਼ ਹਾਰਮੁਜ਼ ਵਿੱਚ ਇੱਕ ਤੀਜੇ ਕਮਰਸ਼ੀਅਲ ਟੈਂਕਰ ‘ਤੇ ਹਮਲਾ ਹੋਇਆ ਹੈ। ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਤੇਲ ਮਾਰਗ ‘ਤੇ ਹੋਈਆਂ ਇਹਨਾਂ ਘਟਨਾਵਾਂ ਨੇ ਗਲੋਬਲ ਊਰਜਾ ਸਪਲਾਈ ਅਤੇ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਰਾਨੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਸਟ੍ਰੇਟ ਆਫ਼ ਹਾਰਮੁਜ਼ ਵਿੱਚ ਤਿੰਨ ਤੇਲ ਟੈਂਕਰਾਂ ‘ਤੇ ਹੋਏ ਹਮਲਿਆਂ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਪਿਛਲੇ ਮਹੀਨੇ ਹੋਈ ਜੰਗਬੰਦੀ ਟੁੱਟਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਇਸ ਹਮਲੇ ਤੋਂ ਬਾਅਦ ਡੋਨਾਲਡ ਟਰੰਪ ਦੀ ਸਰਕਾਰ ਨੇ ਈਰਾਨ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਵੇਚਣ ਲਈ ਦਿੱਤੀ ਗਈ ਛੋਟ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ।

ਸਾਹਮਣੇ ਆਈ ਜਾਣਕਰੀ ਅਨੁਸਾਰ ਅਮਰੀਕਾ ਨੇ ਈਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਲਾਇਸੈਂਸ ਰੱਦ ਕਰ ਦਿੱਤਾ ਹੈ। ਅਮਰੀਕੀ ਵਿੱਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਵਿੱਤ ਵਿਭਾਗ ਨੇ ਪਿਛਲੇ ਮਹੀਨੇ 60 ਦਿਨਾਂ ਲਈ ਇਹ ਲਾਇਸੈਂਸ ਜਾਰੀ ਕੀਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਖ਼ਤਮ ਕਰਨ ਲਈ ਹੋਏ ਅੰਤਰਿਮ ਸਮਝੌਤੇ ਤਹਿਤ ਈਰਾਨੀ ਤੇਲ ‘ਤੇ ਲੱਗੀਆਂ ਪਾਬੰਦੀਆਂ ਵਿੱਚ ਇਹ ਛੋਟ ਦਿੱਤੀ ਗਈ ਸੀ। ਅਮਰੀਕਾ ਦੇ ਇਸ ਫ਼ੈਸਲੇ ਤੋਂ ਬਾਅਦ ਈਰਾਨ ਨਾਲ ਹੋਏ ਉਸ ਦੇ ਹਾਲੀਆ ਸਮਝੌਤੇ ‘ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਹ ਸਮਝੌਤਾ ਕਿੰਨੇ ਦਿਨ ਤੱਕ ਕਾਇਮ ਰਹੇਗਾ, ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ।

ਦੱਸ ਦਈਏ ਕਿ ਜੰਗਬੰਦੀ ਸਮਝੌਤੇ ਤਹਿਤ ਅਮਰੀਕਾ ਦੇ ਵਿੱਤ ਵਿਭਾਗ ਨੇ 22 ਜੂਨ ਨੂੰ ਇੱਕ ਜਨਰਲ ਲਾਇਸੈਂਸ ਜਾਰੀ ਕੀਤਾ ਸੀ, ਜਿਸ ਨੇ ਈਰਾਨ ਨੂੰ 21 ਅਗਸਤ ਤੱਕ ਕੱਚਾ ਤੇਲ ਅਤੇ ਪੈਟਰੋਲੀਅਮ ਪਦਾਰਥ ਵੇਚਣ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਅਮਰੀਕਾ ਨੇ ਇਸ ਛੋਟ ਨੂੰ ਵਾਪਸ ਲੈ ਲਿਆ ਅਤੇ ਈਰਾਨ ਨੂੰ ਆਪਣੇ ਸਾਰੇ ਲੈਣ-ਦੇਣ ਸਮੇਟਣ ਲਈ ਕੇਵਲ 17 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ।

ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਇਸ ਕਦਮ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਫ੍ਰੇਮਵਰਕ ਸਮਝੌਤੇ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਇਸ ਦੇ ਨਤੀਜਿਆਂ ਲਈ ਅਮਰੀਕਾ ਜ਼ਿੰਮੇਵਾਰ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਦਮ ਚੁੱਕੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment