ਅਮਰੀਕਾ ਨੇ 650 ਤੋਂ ਵੱਧ ਪ੍ਰਾਚੀਨ ਵਸਤੂਆਂ ਭਾਰਤ ਨੂੰ ਕੀਤੀਆਂ ਵਾਪਸ, ਕੀਮਤ ਜਾਣ ਰਹਿ ਜਾਓਗੇ ਹੈਰਾਨ

Global Team
3 Min Read

ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਨੂੰ ਕਰੀਬ 1.4 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੀਆਂ 657 ਪ੍ਰਾਚੀਨ ਵਸਤੂਆਂ ਵਾਪਸ ਕੀਤੀਆਂ ਹਨ ਅਤੇ ਕਿਹਾ ਹੈ ਕਿ ਏਸ਼ੀਆਈ ਦੇਸ਼ ਨੂੰ ਕਲਾਕ੍ਰਿਤੀਆਂ ਵਾਪਸ ਦਿਵਾਉਣ ਲਈ “ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ।” ਭਾਰਤੀ ਕਰੰਸੀ ਵਿੱਚ ਇਹ ਰਕਮ ਲਗਭਗ 133 ਕਰੋੜ ਦੇ ਆਸ-ਪਾਸ ਬਣਦੀ ਹੈ।

ਪ੍ਰਾਚੀਨ ਵਸਤੂਆਂ ਵਾਪਸ ਕਰਨ ਦਾ ਐਲਾਨ ਮੈਨਹੱਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਕੀਤਾ। ਇਹ ਵਸਤੂਆਂ ਕਈ ਤਸਕਰੀ ਗਿਰੋਹਾਂ ਦੀ ਜਾਂਚ ਤੋਂ ਬਾਅਦ ਬਰਾਮਦ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕੁਖਿਆਤ ਕਲਾ ਵਪਾਰੀ ਸੁਭਾਸ਼ ਕਪੂਰ ਅਤੇ ਦੋਸ਼ੀ ਤਸਕਰ ਨੈਂਸੀ ਵੀਨਰ ਨਾਲ ਜੁੜੇ ਗਿਰੋਹ ਵੀ ਸ਼ਾਮਲ ਹਨ।ਇਹ ਵਸਤੂਆਂ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਦੀ ਦੂਤ ਰਾਜਲਕਸ਼ਮੀ ਕਦਮ ਦੀ ਮੌਜੂਦਗੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਭਾਰਤ ਨੂੰ ਸੌਂਪੀਆਂ ਗਈਆਂ।

ਬ੍ਰੈਗ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਵਾਲੇ ਤਸਕਰੀ ਗਿਰੋਹ ਦਾ ਘੇਰਾ ਬਹੁਤ ਵੱਡਾ ਹੈ, ਜਿਵੇਂ ਕਿ ਅੱਜ 600 ਤੋਂ ਵੱਧ ਵਸਤੂਆਂ ਦੀ ਵਾਪਸੀ ਤੋਂ ਸਪੱਸ਼ਟ ਹੁੰਦਾ ਹੈ। ਭਾਰਤ ਨੂੰ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਵਾਪਸ ਕਰਨ ਲਈ ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ ਅਤੇ ਮੈਂ ਸਾਡੀ ਟੀਮ ਦੇ ਨਿਰੰਤਰ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।”

ਵਾਪਸ ਕੀਤੀਆਂ ਗਈਆਂ ਵਸਤੂਆਂ ਵਿੱਚ ‘ਅਵਲੋਕਿਤੇਸ਼ਵਰ’ ਦੀ ਲਗਭਗ 20 ਲੱਖ ਡਾਲਰ ਦੀ ਕੀਮਤ ਵਾਲੀ ਕਾਂਸੀ ਦੀ ਮੂਰਤੀ ਵੀ ਸ਼ਾਮਲ ਹੈ, ਜੋ ਸ਼ੇਰਾਂ ਨਾਲ ਸਜੇ ਹੋਏ ਸਿੰਘਾਸਣ ਉੱਤੇ ਦੋ-ਕਮਲ ਆਸਣ ‘ਤੇ ਬਿਰਾਜਮਾਨ ਹੈ। ਇਸ ਉੱਤੇ ਉੱਕਰੇ ਹੋਏ ਸ਼ਿਲਾਲੇਖ ਵਿੱਚ ਕਾਰੀਗਰ ਦਾ ਨਾਮ ਦ੍ਰੋਣਾਦਿੱਤਿਆ ਦੱਸਿਆ ਗਿਆ ਹੈ, ਜੋ ਛੱਤੀਸਗੜ੍ਹ ਦੇ ਮੌਜੂਦਾ ਰਾਏਪੁਰ ਦੇ ਨੇੜੇ ਸਥਿਤ ਸੀਪੁਰ ਦਾ ਨਿਵਾਸੀ ਸੀ। ਇਹ ਅਵਲੋਕਿਤੇਸ਼ਵਰ ਮੂਰਤੀ 1939 ਵਿੱਚ ਲਕਸ਼ਮਣ ਮੰਦਰ ਦੇ ਕੋਲ ਮਿਲੇ ਕਾਂਸੀ ਦੀਆਂ ਮੂਰਤੀਆਂ ਦੇ ਇੱਕ ਵੱਡੇ ਭੰਡਾਰ ਦਾ ਹਿੱਸਾ ਸੀ ਅਤੇ 1952 ਤੱਕ ਰਾਏਪੁਰ ਦੇ ਮਹੰਤ ਘਾਸੀਦਾਸ ਸਮਾਰਕ ਅਜਾਇਬ ਘਰ ਦੇ ਸੰਗ੍ਰਹਿ ਵਿੱਚ ਸ਼ਾਮਲ ਹੋ ਗਈ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment