ਅਮਰੀਕਾ: ਤੇਜ਼ ਰਫ਼ਤਾਰ ਨੇ ਲਈਆਂ ਦੋ ਜਾਨਾਂ; ਪੰਜਾਬੀ ਮੂਲ ਦੇ ਡਰਾਈਵਰ ਨੂੰ ਲੱਗਿਆ 1 ਮਿਲੀਅਨ ਡਾਲਰ ਦਾ ਜੁਰਮਾਨਾ!

Global Team
3 Min Read

ਓਹੀਓ : ਅਮਰੀਕਾ ਦੇ ਓਹੀਓ ਸੂਬੇ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਮੂਲ ਦੇ ਵਿਅਕਤੀ ਤਰਸੇਮ ਸਿੰਘ (33) ‘ਤੇ 1 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਨੇ ਆਪਣੀ ਰੇਂਜ ਰੋਵਰ ਨੂੰ ਤੇਜ ਰਫਤਾਰ ਨਾਲ ਭਜਾਉਂਦੇ ਹੋਏ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਕਾਰਨ ਅਦਾਲਤ ਵੱਲੋਂ ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ।

ਅਦਾਲਤ ਦੇ ਫੈਸਲੇ ਤੋਂ ਬਾਅਦ ਓਹੀਓ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ 16 ਫਰਵਰੀ 2026 ਦੀ ਰਾਤ ਨੂੰ ਕਰੀਬ 8:15 ਵਜੇ ਵਾਪਰਿਆ ਸੀ। ਉਸੇ ਸਮੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 23 ਮਾਰਚ 2026 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੁਰਮਾਨਾ ਲਗਾਉਣ ਤੋਂ ਬਾਅਦ ਅਗਲੀ ਸੁਣਵਾਈ ਦੀ ਤਰੀਕ 3 ਅਪ੍ਰੈਲ ਤੈਅ ਕੀਤੀ ਹੈ।

ਡਾਰਕ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ, ਡਿਪਟੀ ਨੇ ਸਟੇਟ ਰੂਟ 47 ‘ਤੇ ਰੇਂਜ ਰੋਵਰ ਵੇਲਾਰ ਨੂੰ ਨਿਰਧਾਰਤ 55 ਮੀਲ ਪ੍ਰਤੀ ਘੰਟਾ ਦੀ ਸਪੀਡ ਲਿਮਿਟ ਦੀ ਬਜਾਏ 79 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦੇ ਦੇਖਿਆ। ਜਦੋਂ ਪੁਲਿਸ ਨੇ ਐਮਰਜੈਂਸੀ ਲਾਈਟਾਂ ਅਤੇ ਸਾਇਰਨ ਰਾਹੀਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ, ਤਾਂ ਡਰਾਈਵਰ ਤਰਸੇਮ ਸਿੰਘ ਨੇ ਰੁਕਣ ਦੀ ਬਜਾਏ ਗੱਡੀ ਦੀ ਸਪੀਡ ਵਧਾ ਦਿੱਤੀ।

ਪੁਲਿਸ ਅਤੇ ਮੁਲਜ਼ਮ ਵਿਚਕਾਰ ਲਗਭਗ 5 ਮੀਲ (8 ਕਿਲੋਮੀਟਰ) ਤੱਕ ਪਿੱਛਾ ਚੱਲਿਆ, ਜਿਸ ਵਿੱਚ ਰੇਂਜ ਰੋਵਰ ਦੀ ਸਪੀਡ 124 ਮੀਲ ਪ੍ਰਤੀ ਘੰਟਾ (ਲਗਭਗ 200 ਕਿਲੋਮੀਟਰ/ਘੰਟਾ) ਤੱਕ ਪਹੁੰਚ ਗਈ। ਬੇਕਾਬੂ ਰਫ਼ਤਾਰ ਕਾਰਨ ਸਿੰਘ ਨੇ ਮੋੜ ‘ਤੇ ਕੰਟਰੋਲ ਗੁਆ ਦਿੱਤਾ ਅਤੇ ਸਾਹਮਣੇ ਤੋਂ ਆ ਰਹੀ ਇੱਕ ਜੀਪ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਂਜ ਰੋਵਰ ਕਈ ਵਾਰ ਪਲਟੀ। ਇਸ ਦੌਰਾਨ ਜੀਪ ਵਿੱਚ ਸਵਾਰ 17 ਸਾਲਾ ਐਸ਼ਲੀ ਹੋਮਜ਼ ਉਛਲ ਕੇ ਬਾਹਰ ਡਿੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਸ਼ਲੀ ਗਰਭਵਤੀ ਸੀ ਅਤੇ ਇਸ ਹਾਦਸੇ ਵਿੱਚ ਉਸ ਦੇ ਅਣਜੰਮੇ ਬੱਚੇ ਦੀ ਵੀ ਜਾਨ ਚਲੀ ਗਈ।

ਜੀਪ ਚਾਲਕ ਰੋਕਸਾਨਾ ਕੈਸਾਰੇਜ਼-ਸੈਂਟੀਆਗੋ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਮੁਲਜ਼ਮ ਤਰਸੇਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਏਅਰਲਿਫਟ ਕਰਕੇ ਹਸਪਤਾਲ ਪਹੁੰਚਾਇਆ ਗਿਆ। ਓਹੀਓ ਸਟੇਟ ਹਾਈਵੇ ਪੈਟਰੋਲਿੰਗ ਪੁਲਿਸ ਦੀ ਜਾਂਚ ਅਤੇ ਕਰੂਜ਼ਰ ਕੈਮਰਾ ਵੀਡੀਓ ਦੇ ਆਧਾਰ ‘ਤੇ ਤਰਸੇਮ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 23 ਮਾਰਚ 2026 ਨੂੰ ਡਾਰਕ ਕਾਉਂਟੀ ਗ੍ਰੈਂਡ ਜਿਊਰੀ ਨੇ ਸਿੰਘ ‘ਤੇ 8 ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚ ਗੈਰ-ਇਰਾਦਤਨ ਹੱਤਿਆ, ਲਾਪਰਵਾਹੀ ਕਾਰਨ ਹੱਤਿਆ ਅਤੇ ‘ਐਗਰਾਵੇਟਿਡ ਵਹੀਕੂਲਰ ਹੋਮੀਸਾਈਡ’ ਸ਼ਾਮਲ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ।

Share This Article
Leave a Comment