ਸੈਕਰਾਮੈਂਟ- ਭਾਰਤੀ ਮੂਲ ਦੇ ਅਮਰੀਕੀ ਬਜ਼ੁਰਗ ਨੂੰ ਅਦਾਲਤ ‘ਚ ਹੋਏ ਸਮਝੌਤੇ ਅਨੁਸਾਰ 1.75 ਮਿਲੀਅਨ ਡਾਲਰ ਮੁਆਵਜ਼ੇ ਵਜੋਂ ਮਿਲਣਗੇ। ਸੁਰੇਸ਼ਭਾਈ ਪਟੇਲ ਨਾਮ ਦੇ ਬਜ਼ੁਰਗ ਨੂੰ 6 ਫਰਵਰੀ 2015 ‘ਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ। ਬਜ਼ੁਰਗ ਦੀ ਕੁੱਟਮਾਰ ਦੇ ਮਾਮਲੇ ‘ਚ ਦੋ ਪੁਲਿਸ ਅਧਿਕਾਰੀ ਸ਼ਾਮਲ ਸਨ।
ਸਾਲ 2015 ਵਿੱਚ ਭਾਰਤੀ ਮੂਲ ਦੇ ਬਜ਼ੁਰਗ ਹਲੇ ਕੁਝ ਦਿਨ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਆਪਣੇ ਪੁੱਤਰ ਕੋਲ ਪੁੱਜੇ ਸਨ। ਉਸ ਸਮੇਂ ਪਟੇਲ ਦੀ ਉਮਰ 57 ਸਾਲ ਸੀ। ਉਨ੍ਹਾਂ ਦੇ ਗਵਾਂਢੀ ਨੇ ਪੁਲਿਸ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਕਿ ਇੱਕ ਅਸ਼ਵੇਤ ਵਿਅਕਤੀ ਉਨ੍ਹਾਂ ਦੇ ਘਰ ਨੇੜ੍ਹੇ ਘੁੰਮ ਰਿਹਾ ਹੈ। ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਤੇ ਬਗੈਰ ਕੋਈ ਜਾਂਚ ਪੜਤਾਲ ਦੇ ਬਜ਼ੁਰਗ ਨਾਲ ਕੁੱਟਮਾਰ ਕੀਤੀ।
ਉਧਰ ਸੁਰੇਸ਼ਭਾਈ ਪਟੇਲ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਤੇ ਉਨ੍ਹਾਂ ਨੇ ਪੁਲਿਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਪੁਲਿਸ ਨੇ ਇੱਕ ਨਾਂ ਸੁਣੀ। ਪੁਲਿਸ ਦੀ ਕੁੱਟਮਾਰ ਦੌਰਾਨ ਉਹ ਜ਼ਮੀਨ ‘ਤੇ ਡਿੱਗ ਗਏ ਤੇ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ। ਰੀੜ ਦੀ ਹੱਡੀ ‘ਚ ਹੋਏ ਜ਼ਖਮ ਕਾਰਨ ਸੁਰੇਸ਼ਭਾਈ ਨੂੰ ਲੰਬਾ ਸਮਾਂ ਹਸਪਤਾਲ ਰਹਿਣਾ ਪਿਆ ਸੀ। ਚਿਰਾਗ ਪਟੇਲ ਅਨੁਸਾਰ ਉਨ੍ਹਾਂ ਦੇ ਪਿਤਾ ਹੁਣ ਕਦੇ ਵੀ ਆਪਣੇ ਸਹਾਰੇ ਨਹੀਂ ਤੁਰ ਸਕਦੇ।