ਅਮਰੀਕਾ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ​​ਹੈ: ਟਰੰਪ

Global Team
4 Min Read

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅਮਰੀਕਾ ਆਏ ਵਿਸ਼ਵ ਪੱਧਰੀ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਮਰੀਕਾ ਦੀ ਮੁੜ ਮਜ਼ਬੂਤ ​​ਹੋਈ ਸਥਿਤੀ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ, “ਅਮਰੀਕਾ ਵਾਪਿਸ ਆ ਗਿਆ ਹੈ ਅਤੇ ਸਾਡਾ ਦੇਸ਼ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ​​ਹੈ।” ਉਨ੍ਹਾਂ ਦਾਅਵਾ ਕੀਤਾ ਕਿ ਤਕਨਾਲੋਜੀ ਦੇ ਖੇਤਰ ਵਿੱਚ ਅਮਰੀਕਾ ਦੁਨੀਆ ਭਰ ਵਿੱਚ ਨੰਬਰ ਇੱਕ ‘ਤੇ ਹੈ ਅਤੇ ਅਸੀਂ ਵਪਾਰ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਲਗਾਤਾਰ ਦੂਰ ਕਰ ਰਹੇ ਹਾਂ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਸਮੁੱਚੀ ਦੁਨੀਆ ਅਮਰੀਕਾ ਦੀ ਮਜ਼ਬੂਤ ਅਰਥਵਿਵਸਥਾ ਤੋਂ ਖਾਰ ਖਾਂਦੀ (ਈਰਖਾ ਕਰਦੀ) ਹੈ ਅਤੇ ਸਾਡਾ ਮੁਲਕ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੋ ਚੁੱਕਾ ਹੈ।

ਆਪਣੇ ਸੰਬੋਧਨ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਈਰਾਨ ਨੂੰ ਸਮਝੌਤੇ ਦਾ ਇੱਕ ਮੌਕਾ ਦਿੱਤਾ ਸੀ। ਅਸੀਂ ਇਸ ਜੰਗ ਨੂੰ ਲਗਭਗ ਖਤਮ ਕਰ ਦਿੱਤਾ ਹੈ। ਈਰਾਨ ਨੂੰ ਬਚ ਕੇ ਨਿਕਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਈਰਾਨ ਦੀ ਹਮਲਾਵਰ ਕਾਰਵਾਈ ਜਾਰੀ ਹੈ। ਅਮਰੀਕਾ ਈਰਾਨ ਨੂੰ ਕਦੇ ਵੀ ਪ੍ਰਮਾਣੂ ਬੰਬ ਨਹੀਂ ਬਣਾਉਣ ਦੇਵੇਗਾ।

ਟਰੰਪ ਨੇ ਅੱਗੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਈਰਾਨ ਅੰਦਰ ਹੁਣ ਤੱਕ ਲਗਭਗ 10 ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਅਮਰੀਕੀ ਕਾਰਵਾਈ ਤਹਿਤ ਈਰਾਨ ਦੇ 159 ਜਹਾਜ਼ ਤਬਾਹ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਹੁਣ ਈਰਾਨ ਕੋਲ ਦੋ ਹੀ ਰਾਹ ਹਨ ਜਾਂ ਤਾਂ ਉਹ ਨਰਕ ਵਿੱਚ ਜਾਵੇ ਜਾਂ ਫਿਰ ਸਮਝੌਤਾ (ਡੀਲ) ਕਰੇ, ਇਸ ਲਈ ਹੁਣ ਈਰਾਨ ਨੂੰ ਖ਼ੁਦ ਹੀ ਵੱਡਾ ਫ਼ੈਸਲਾ ਲੈਣਾ ਪਵੇਗਾ।

ਇਸ ਦੌਰਾਨ ਮਿਡ-ਟਰਮ ਚੋਣਾਂ ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ਈਰਾਨ ਦੇ ਮਾਮਲੇ ਦਾ ਇਨ੍ਹਾਂ ਚੋਣਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਹਾਲਾਂਕਿ ਇਹ ਗੱਲ ਯਕੀਨੀ ਹੈ ਕਿ ਚੋਣਾਂ ਤੋਂ ਬਾਅਦ ਈਰਾਨ ਨਾਲ ਕੋਈ ਸਮਝੌਤਾ ਸਿਰੇ ਚੜ੍ਹ ਸਕਦਾ ਹੈ। ਇਸੇ ਦੌਰਾਨ ਟਰੰਪ ਨੇ ਗਾਜ਼ਾ ਸੰਕਟ ਬਾਰੇ ਵੀ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਗਾਜ਼ਾ ਸ਼ਾਂਤੀ ਬੋਰਡ (ਪੀਸ ਬੋਰਡ) ਵਿੱਚ 30 ਤੋਂ ਵੱਧ ਮੁਲਕ ਸ਼ਾਮਲ ਹਨ ਅਤੇ ਗਾਜ਼ਾ ਦੇ ਮੁੜ-ਨਿਰਮਾਣ ਦੇ ਕਾਰਜ ਵਿੱਚ ਅਰਬ ਦੇਸ਼ ਵੀ ਪੂਰੀ ਤਰ੍ਹਾਂ ਹਿੱਸਾ ਲੈ ਰਹੇ ਹਨ।

ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ। ਟਰੰਪ ਨੇ ਕਿਹਾ ਕਿ ਈਰਾਨ ਯੂਰਪ ਉੱਤੇ ਹਮਲਾ ਕਰਨ ਦੀ ਪੂਰੀ ਯੋਜਨਾ ਬਣਾ ਚੁੱਕਾ ਸੀ ਅਤੇ ਉਨ੍ਹਾਂ ਨੇ ਯੂਰਪ ਨੂੰ ਈਰਾਨੀ ਹਮਲੇ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਮੇਂ ਸਿਰ ਸਖ਼ਤ ਕਦਮ ਨਾ ਚੁੱਕਦੇ ਤਾਂ ਈਰਾਨ ਨੇ ਯੂਰਪ ‘ਤੇ ਹਮਲਾ ਕਰ ਦੇਣਾ ਸੀ, ਜਿਸ ਨਾਲ ਬੇਹੱਦ ਭਾਰੀ ਤਬਾਹੀ ਹੁੰਦੀ। ਪ੍ਰੰਤੂ ਉਨ੍ਹਾਂ ਨੇ ਸਮਾਂ ਰਹਿੰਦਿਆਂ ਖ਼ੁਦ ਪੂਰੀ ਤਾਕਤ ਨਾਲ ਈਰਾਨ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment