ਅਮਰੀਕਾ : ਅਮਰੀਕਾ ਵਿੱਚ ਇੱਕ ਅਮਰੀਕੀ ਹਵਾਈ ਸੈਨਾ ਦਾ ਐਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਕੈਲੀਫੋਰਨੀਆ ਦੇ ਟ੍ਰੋਨਾ ਹਵਾਈ ਅੱਡੇ ਨੇੜੇ ਅਮਰੀਕੀ ਹਵਾਈ ਸੈਨਾ ਦਾ ਇੱਕ F-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਦੇ ਕਰੀਬ ਡੈਥ ਵੈਲੀ ਦੇ ਦੱਖਣ ਵਿੱਚ ਇੱਕ ਦੂਰ-ਦੁਰਾਡੇ ਮਾਰੂਥਲ ਖੇਤਰ ਵਿੱਚ ਵਾਪਰੀ। ਖੁਸ਼ਕਿਸਮਤੀ ਨਾਲ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਹੀ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ, ਜਿਸ ਨਾਲ ਉਸਦੀ ਜਾਨ ਬਚ ਗਈ।
ਹਵਾਈ ਅੱਡਾ ਮੈਨੇਜਰ ਨੇ ਕਿਹਾ ਕਿ ਇਸ ਖੇਤਰ ਵਿੱਚ ਅਕਸਰ ਫੌਜੀ ਜਹਾਜ਼ ਉੱਡਦੇ ਹਨ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਲੜਾਕੂ ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦਾ ਗੋਲਾ ਬਣ ਗਿਆ ਤੇ ਫਟ ਗਿਆ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਨ੍ਹਾਂ ਵਿੱਚ ਜ਼ਮੀਨ ਦੇ ਉੱਪਰ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਨਜ਼ਰ ਆ ਰਿਹਾ ਹੈ। ਅਮਰੀਕੀ ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਹਾਦਸੇ ਦੀ ਪੁਸ਼ਟੀ ਕੀਤੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ 3 ਦਸੰਬਰ, 2025 ਨੂੰ, ਲਗਭਗ ਸਵੇਰੇ 10:45 ਵਜੇ, ਥੰਡਰਬਰਡ ਪਾਇਲਟ ਕੈਲੀਫੋਰਨੀਆ ਵਿੱਚ ਨਿਯੰਤਰਿਤ ਹਵਾਈ ਖੇਤਰ ਉੱਤੇ ਇੱਕ ਸਿਖਲਾਈ ਮਿਸ਼ਨ ਦੌਰਾਨ ਇੱਕ F-16C ਫਾਈਟਿੰਗ ਫਾਲਕਨ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਿਆ। ਔਨਲਾਈਨ ਫੁਟੇਜ ‘ਚ ਪਾਇਲਟ ਪੈਰਾਸ਼ੂਟ ਨਾਲ ਸੁਰੱਖਿਅਤ ਅਤੇ ਜਹਾਜ਼ ਜ਼ਮੀਨ ‘ਤੇ ਡਿੱਗਦੇ ਹੋਏ ਦਿਖਾਈ ਦਿੱਤਾ ਹੈ। ਜਿਵੇਂ ਹੀ ਜਹਾਜ਼ ਜ਼ਮੀਨ ‘ਤੇ ਡਿਗਦਾ ਹੈ ਇੱਕ ਵੱਡਾ ਧਮਾਕਾ ਹੁੰਦਾ ਹੈ ਅਤੇ ਅਸਮਾਨ ਕਾਲੇ ਧੂੰਏਂ ਨਾਲ ਭਰ ਜਾਂਦਾ ਹੈ। ਇਸ ਹਾਦਸੇ ‘ਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਇਲਾਜ ਲਈ ਰਿਜਕ੍ਰੈਸਟ ਦੇ ਇੱਕ ਹਸਪਤਾਲ ਲਿਜਾਇਆ ਗਿਆ ਹੈ।
ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ ਘਟਨਾ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਕਰੈਸ਼ ਸਾਈਟ ਦੇ ਮੁਲਾਂਕਣ ਅਤੇ ਸ਼ੁਰੂਆਤੀ ਨਿਰੀਖਣ ਪੂਰਾ ਹੋਣ ਤੋਂ ਬਾਅਦ ਹੋਰ ਵੇਰਵਿਆਂ ਦੀ ਉਮੀਦ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

