ਕੁਵੈਤ ‘ਚ ਅਮਰੀਕੀ ਲੜਾਕੂ ਜਹਾਜ਼ ਐਫ-15 ਹੋਇਆ ਕ੍ਰੈਸ਼; ਅਸਮਾਨ ‘ਚੋ ਹੀ ਅੱਗ ਦਾ ਗੋਲਾ ਬਣ ਕੇ ਡਿੱਗਿਆ ਹੇਠਾਂ!

Global Team
3 Min Read

ਕੁਵੈਤ : ਮਿਡਲ ਈਸਟ ਵਿੱਚ ਅੱਜ ਤੀਜੇ ਦਿਨ ਵੀ ਜ਼ਬਰਦਸਤ ਜੰਗ ਜਾਰੀ ਹੈ। ਇਸ ਯੁੱਧ ਦੇ ਵਿਚਕਾਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਅਮਰੀਕੀ ਐਫ-15 ਲੜਾਕੂ ਜਹਾਜ਼ ਕੁਵੈਤ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਐਫ-15 ਨੂੰ ਦੁਨੀਆ ਦੇ ਸਭ ਤੋਂ ਘਾਤਕ ਅਤੇ ਆਧੁਨਿਕ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਕੁਵੈਤ ਦੇ ਉੱਪਰ ਉਡਾਣ ਭਰ ਰਿਹਾ ਅਮਰੀਕੀ ਹਵਾਈ ਸੈਨਾ ਦਾ ਇੱਕ ਲੜਾਕੂ ਜਹਾਜ਼ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਹੀ ਪਾਇਲਟ ਨੇ ਸੁਰੱਖਿਅਤ ਤਰੀਕੇ ਨਾਲ ‘ਇਜੈਕਟ’ ਕਰ ਲਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਜੈੱਟ ਨੂੰ ਹਵਾ ਵਿੱਚ ਹੀ ਅੱਗ ਦੀਆਂ ਲਪਟਾਂ ਨਾਲ ਘਿਰਿਆ ਅਤੇ ਫਿਰ ਇੱਕ ਵੱਡੇ ਧਮਾਕੇ ਨਾਲ ਜ਼ਮੀਨ ‘ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਜਹਾਜ਼ ਕਿਸੇ ਤਕਨੀਕੀ ਖਰਾਬੀ ਕਾਰਨ ਡਿੱਗਿਆ ਹੈ ਜਾਂ ਇਸ ਨੂੰ ਈਰਾਨ ਸਮਰਥਿਤ ਗੁੱਟਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।

ਦੂਜੇ ਪਾਸੇ ਈਰਾਨ ਨਾਲ ਜੁੜੇ ਕਈ ਹੈਂਡਲਾਂ ਨੇ ਦਾਅਵਾ ਕੀਤਾ ਹੈ ਕਿ ਕੁਵੈਤ ਵਿੱਚ ਹਾਦਸਾਗ੍ਰਸਤ ਹੋਏ ਅਮਰੀਕੀ ਐਫ-15 ਲੜਾਕੂ ਜਹਾਜ਼ ਨੂੰ ਗੋਲੀ ਮਾਰ ਕੇ ਸੁਟਿਆ ਗਿਆ। ਇਸ ਘਟਨਾ ‘ਚ ਪਾਇਲਟ ਪੂਰੀ ਤਰਾਂ ਸੁਰੱਖਿਅਤ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਈਰਾਨ ਦੇ ਫੌਜੀ ਠਿਕਾਣਿਆਂ ‘ਤੇ ਅਮਰੀਕਾ ਦੇ ਹਮਲੇ ਜਾਰੀ ਹਨ। ਅਮਰੀਕੀ ਫੌਜ ਵੱਲੋਂ ਹਮਲਿਆਂ ਦੀਆਂ ਵੀਡੀਓ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਈਰਾਨੀ ਫੌਜੀ ਠਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਬੰਬਾਂ ਨਾਲ ਤਬਾਹ ਕਰਦੇ ਦੇਖਿਆ ਜਾ ਸਕਦਾ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਪਿਛਲੇ ਦੋ ਦਿਨਾਂ ਵਿੱਚ ਈਰਾਨ ਦੇ ਅੰਦਰ 2,000 ਤੋਂ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਖਾਮੇਨੇਈ ਦੇ ਅਹਾਤੇ ਤੋਂ ਇਲਾਵਾ ਇਨ੍ਹਾਂ ਹਮਲਿਆਂ ਵਿੱਚ ਮਿਜ਼ਾਈਲ ਸਟੋਰਾਂ, ਹਵਾਈ ਰੱਖਿਆ ਪ੍ਰਣਾਲੀਆਂ, ਜਲ ਸੈਨਾ ਦੀਆਂ ਜਾਇਦਾਦਾਂ ਅਤੇ ਮਹੱਤਵਪੂਰਨ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਹ ਹਮਲੇ ਅਜੇ ਤੱਕ ਨਹੀਂ ਰੁਕੇ ਹਨ। ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਅਜੇ ਵੀ ਜਾਰੀ ਹਨ ਅਤੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਕਦੋਂ ਰੁਕਣਗੇ।

ਕਤਰ ਦੀ ਰਾਜਧਾਨੀ ਦੋਹਾ ਵਿੱਚ ਵੀ ਸੋਮਵਾਰ ਦੀ ਸਵੇਰ ਸ਼ਾਂਤੀਪੂਰਨ ਨਹੀਂ ਰਹੀ। ਏਐਫਪੀ (AFP) ਦੀ ਰਿਪੋਰਟ ਮੁਤਾਬਕ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਧਮਾਕਿਆਂ ਤੋਂ ਤੁਰੰਤ ਬਾਅਦ ਸੁਰੱਖਿਆ ਬਲ ਅਤੇ ਐਮਰਜੈਂਸੀ ਸੇਵਾਵਾਂ ਅਲਰਟ ਹੋ ਗਈਆਂ। ਅਜੇ ਤੱਕ ਕਤਰ ਸਰਕਾਰ ਜਾਂ ਅਮਰੀਕੀ ਫੌਜ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਧਮਾਕੇ ਕਿਸੇ ਮਿਜ਼ਾਈਲ ਹਮਲੇ ਦੇ ਸਨ ਜਾਂ ਏਅਰ ਡਿਫੈਂਸ ਸਿਸਟਮ ਦੁਆਰਾ ਕਿਸੇ ਖਤਰੇ ਨੂੰ ਹਵਾ ਵਿੱਚ ਨਸ਼ਟ ਕਰਨ ਦੇ।

 

Share This Article
Leave a Comment