ਵਾਸ਼ਿੰਗਟਨ : ਅਮਰੀਕਾ ‘ਚ ਨਵੰਬਰ ਮਹੀਨੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਡੈਮੋਕਰੇਟਿਕਸ ਅਤੇ ਰਿਪਬਲੀਕਨ ਉਮੀਦਵਾਰ ਇਕ ਦੂਜੇ ‘ਤੇ ਨਿਸ਼ਾਨਾ ਸਾਧ ਰਹੇ ਹਨ। ਡੈਮੋਕਰੇਟਿਕ ਪਾਰਟੀ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ਇਕ ਵਾਰ ਫਿਰ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਿਆ ਹੈ।
ਹੈਰਿਸ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਅਤੇ ਇਸ ਦੀ ਵੰਡ ਸਾਡੇ ਲਈ ਇੱਕ ਮੁੱਦਾ ਬਣ ਗਿਆ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਟਰੰਪ ‘ਤੇ ਜ਼ਰਾ ਜਿੰਨਾ ਵੀ ਭਰੋਸਾ ਨਹੀਂ ਹੈ। ਵੈਕਸੀਨ ਨੂੰ ਲੈ ਕੇ ਕਿਸੇ ਦਾਅਵੇ ‘ਤੇ ਤਦ ਹੀ ਯਕੀਨ ਕੀਤਾ ਜਾ ਸਕਦਾ ਹੈ ਜਦੋਂ ਇਸ ਦੇ ਪਿੱਛੇ ਕੋਈ ਭਰੋਸੇਯੋਗ ਸਰੋਤ ਹੋਵੇ। ਮੈਨੂੰ ਚਿੰਤਾ ਹੈ ਕਿ ਸੰਭਾਵਿਤ ਵੈਕਸੀਨ ਦੇ ਮਾਮਲੇ ਵਿਚ ਦੁਬਾਰਾ ਅਜਿਹਾ ਹੋ ਸਕਦਾ ਹੈ। ਮੈਂ ਕਿਸੇ ਵੈਕਸੀਨ ਦੇ ਅਸਰ ਕਾਰਕ ਹੋਣ ‘ਤੇ ਤਦ ਹੀ ਯਕੀਨ ਕਰਾਂਗੀ ਜਦੋਂ ਕੋਈ ਭਰੋਸੇਯੋਗ ਵਿਅਕਤੀ ਜਾਂ ਸੰਸਥਾ ਇਹ ਦਾਅਵਾ ਕਰੇ।
ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਨੂੰ ਇਸ ਦੀ ਬਿਲਕੁਲ ਪਰਵਾਹ ਨਹੀਂ ਹੈ ਕਿ ਵੈਕਸੀਨ ਕਿੰਨੀ ਸੁਰੱਖਿਅਤ ਹੈ। ਉਨ੍ਹਾਂ ਨੂੰ ਤਾਂ ਕੇਵਲ ਆਪਣਾ ਚਿਹਰਾ ਚਮਕਾਉਣਾ ਹੈ ਤੇ ਕੋਰੋਨਾ ਵੈਕਸੀਨ ਦੇ ਨਾਮ ‘ਤੇ ਰਾਜਨੀਤੀ ਕਰਨੀ ਹੈ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਹੈਰਿਸ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਵੈਕਸੀਨ ਨੂੰ ਮਨਜ਼ੂਰੀ ਦੇਣ ਵਿਚ ਰਾਜਨੀਤੀ ਹੋ ਰਹੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਮਲਾ ਹੈਰਿਸ ਨੇ ਟਰੰਪ ਦੀ ਕੋਰੋਨਾ ਸਥਿਤੀ ਨਾਲ ਨਜਿੱਠਣ ਅਤੇ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਕ੍ਰਿਆ ਦੀ ਸਖ਼ਤ ਆਲੋਚਨਾ ਕੀਤੀ ਸੀ। ਹੈਰਿਸ ਨੇ ਕਿਹਾ ਸੀ ਕਿ “ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦੀ ਸਮਝ ਹੀ ਨਹੀਂ ਹੈ।”